ਰੋਹਤਕ ਜੇਲ੍ਹ ’ਚੋਂ ਪੈਰੋਲ ’ਤੇ ਆਏ ਹੋਏ ਅਤੇ ਉੱਤਰ ਪ੍ਰਦੇਸ਼ ਦੇ ਬਾਗ਼ਬਤ ’ਚ ਰਹਿ ਰਹੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਕਰਕੇ ਫਿਰ ਵਿਵਾਦ ਖਡ਼੍ਹਾ ਹੋ ਗਿਆ ਹੈ। ਅਸਲ ’ਚ ਇਸ ਵਾਰ ਵੀ ਵਿਵਾਦ ਉਸ ਦੇ ‘ਨਾਮ ਚਰਚਾ’ ਪ੍ਰੋਗਰਾਮ ਕਾਰਨ ਹੀ ਹੋਇਆ ਹੈ ਜਿਸ ਦਾ ਕਈ ਥਾਵਾਂ ’ਤੇ ਵਿਰੋਧ ਕੀਤਾ ਗਿਆ। ਪੰਜਾਬ ’ਚ ਕੁਝ ਥਾਵਾਂ ’ਤੇ ਤਣਾਅ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਇਹ ‘ਨਾਮ ਚਰਚਾ’ ਵਰਚੁਅਲੀ ਲਾਈਵ ਹੋਣੀ ਸੀ ਜਿਸ ਲਈ ਵੱਖ-ਵੱਖ ਥਾਵਾਂ ’ਤੇ ਵੱਡੀਆਂ ਟੀ.ਵੀ. ਸਕਰੀਨਾਂ ਲਾ ਕੇ ਡੇਰਾ ਪ੍ਰੇਮੀ ਇਕੱਠੇ ਕੀਤੇ ਗਏ। ਇਸ ਸਬੰਧੀ ਸੱਦਾ ਤੇ ਸੂਚਨਾ ਕਿਸੇ ਅਖ਼ਬਾਰ ਜਾਂ ਹੋਰ ਸਾਧਨ ਰਾਹੀਂ ਦੇਣ ਦੀ ਥਾਂ ਪ੍ਰੇਮੀਆਂ ਨੂੰ ਵੱਟਸਐਪ ਗਰੁੱਪਾਂ ਜਾਂ ਜ਼ੁਬਾਨੀ ਸੁਨੇਹੇ ਲਾ ਕੇ ਦਿੱਤੀ ਗਈ। ਤਰਨਤਾਰਨ ’ਚ ਪ੍ਰਸ਼ਾਸਨ ਨੂੰ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਮਗਰੋਂ ਡੇਰਾ ਸਿਰਸਾ ਵੱਲੋਂ ਵਰਚੁਅਲੀ ਕਰਵਾਈ ਜਾਣ ਵਾਲੀ ਨਾਮ ਚਰਚਾ ਰੱਦ ਕਰਵਾਉਣੀ ਪਈ। ਦੋਵੇਂ ਧਿਰਾਂ ਦਰਮਿਆਨ ਕਿਸੇ ਸੰਭਾਵੀ ਤਕਰਾਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਪੁਲੀਸ ਬਲ ਤਇਨਾਤ ਕੀਤੇ ਗਏ। ਇਸ ਮੌਕੇ ਐੱਸ.ਪੀ. ਵਿਸ਼ਾਲਜੀਤ ਸਿੰਘ ਸਣੇ ਜ਼ਿਲ੍ਹੇ ਭਰ ਤੋਂ ਪੁਲੀਸ ਬਲ ਸੱਦੇ ਗਏ ਸਨ। ਜਾਣਕਾਰੀ ਅਨੁਸਾਰ ਤਰਨ ਤਾਰਨ-ਅੰਮ੍ਰਿਤਸਰ ਸਡ਼ਕ ਸਥਿਤ ਇਕ ਰਿਜ਼ੌਰਟ ’ਚ ਹੋਣ ਵਾਲੀ ਨਾਮ-ਚਰਚਾ ’ਚ ਸ਼ਾਮਲ ਹੋਣ ਵਾਲੇ ਲਗਪਗ 800 ਪੈਰੋਕਾਰਾਂ ਲਈ ਲੰਗਰ ਆਦਿ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਨਾਮ-ਚਰਚਾ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਵਰਚੁਅਲ ਸੰਬੋਧਨ ਕਰਨਾ ਸੀ, ਜਿਸ ਬਾਰੇ ਜਾਣਕਾਰੀ ਮਿਲਣ ਮਗਰੋਂ ਦਮਦਮੀ ਟਕਸਾਲ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਪਰਗਟ ਸਿੰਘ ਝਬਾਲ ਨੇ ਸਿੱਖ ਜਥੇਬੰਦੀਆਂ ਨਾਲ ਸਬੰਧਤ ਕਾਰਕੁਨਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਢਿੱਲੋਂ ਸਾਹਮਣੇ ਵਿਰੋਧ ਜ਼ਾਹਰ ਕੀਤਾ ਤੇ ਕਿਸੇ ਵੀ ਕੀਮਤ ’ਤੇ ਸਮਾਗਮ ਨਾ ਹੋਣ ਦੇਣ ਦੀ ਚਿਤਾਵਨੀ ਦਿੱਤੀ ਗਈ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਨਾਮ ਚਰਚਾ ਦੇ ਪ੍ਰਬੰਧਕਾਂ ਨੂੰ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ। ਉਧਰ ਡੇਰਾ ਸਿਰਸਾ ਦੇ ਭੰਗੀਦਾਸ ਹਰਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਾਈ-ਫਾਈ ’ਚ ਰੁਕਾਵਟ ਆ ਜਾਣ ਕਰਕੇ ਇਹ ਸਮਾਗਮ ਅੱਗੇ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੇ ਕਿਹਾ ਕਿ ਸਮਾਗਮ ਕੀਤੇ ਜਾਣ ਲਈ ਡੇਰਾ ਸਿਰਸਾ ਵੱਲੋਂ ਪ੍ਰਸ਼ਾਸਨ ਕੋਲੋਂ ਆਗਿਆ ਨਹੀਂ ਲਈ ਗਈ ਸੀ ਤੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਪੁਲੀਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।