ਆਮ ਆਦਮੀ ਪਾਰਟੀ ਦੇ ਹੱਕ ’ਚ ਲਹਿਰ ਤੇ 92 ਉਮੀਦਵਾਰਾਂ ਦੇ ਵਿਧਾਇਕ ਬਣਨ ਦੇ ਬਾਵਜੂਦ ਹਲਕਾ ਦਾਖਾ ’ਚ ਮਨਪ੍ਰੀਤ ਸਿੰਘ ਇਯਾਲੀ ਦੁਬਾਰਾ ਵਿਧਾਇਕ ਬਣਨ ’ਚ ਸਫਲ ਰਹੇ। ਇਹ ਉਨ੍ਹਾਂ ਦੀ ਹਲਕੇ ’ਚ ਮਕਬੂਲੀਅਤ, ਪਕਡ਼ ਤੇ ਲੋਕਪ੍ਰਿਅਤਾ ਦਾ ਨਤੀਜਾ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਨਾਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਵੀ ਪਿੱਛੇ ਜਿਹੇ ਸਾਹਮਣੇ ਆਇਆ। ਪਰ ਅੱਜ ਉਹ ਫਿਰ ਸੁਰਖੀਆਂ ’ਚ ਹਨ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਵੱਲੋਂ ਬਣਾਏ ਉਮੀਦਵਾਰ ਦੇ ਹੱਕ ’ਚ ਵੋਟ ਦੇਣ ਦੇ ਫ਼ੈਸਲੇ ਦੇ ਉਲਟ ਜਾ ਕੇ ਇਸ ਚੋਣ ਦਾ ਬਾਈਕਾਟ ਕੀਤਾ। ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਵਿਤਕਰਾ ਕਰਦਾ ਆਇਆ ਹੈ ਜੋ ਮੋਦੀ ਸਰਕਾਰ ਸਮੇਂ ਵੀ ਜਾਰੀ ਹੈ। ਇਸ ਲਈ ਉਨ੍ਹਾਂ ਰਾਸ਼ਟਰਪਤੀ ਅਹੁਦੇ ਲਈ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਅਕਾਲੀ ਦਲ ਨੂੰ ਵੀ ਆਤਮ ਚਿੰਤਨ ਦੀ ਸਲਾਹ ਦਿੱਤੀ ਹੈ। ਵਿਧਾਇਕ ਇਯਾਲੀ ਦੇ ਇਸ ਕਦਮ ਨੂੰ ਅਕਾਲੀ ਦਲ ’ਚ ਬਗ਼ਾਵਤ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਅੰਦਰ ਵੱਡੇ ਸਿਆਸੀ ਧਮਾਕੇ ਦੇ ਕਿਆਸ ਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਕਈ ਵਾਰ ਚੁਣੌਤੀ ਮਿਲ ਚੁੱਕੀ ਹੈ ਅਤੇ ਪਾਰਟੀ ਦੇ ਅੰਦਰੋਂ ਬਾਹਰੋਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਹੋਣ ਦੀ ਮੰਗ ਉੱਠਦੀ ਰਹੀ ਹੈ। ਯਾਦ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਮਨਪ੍ਰੀਤ ਇਯਾਲੀ ਨੇ ਵੀਡੀਓ ਸੰਦੇਸ਼ ’ਚ ਇਹ ਕਿਹਾ ਕਿ ਕਾਂਗਰਸ ਤੋਂ ਸਾਨੂੰ ਕੋਈ ਆਸ ਨਹੀਂ ਸੀ ਪਰ ਭਾਜਪਾ ਸਰਕਾਰ ਵੀ ਪੰਜਾਬ ਨਾਲ ਨਿਆਂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਐੱਨ.ਡੀ.ਏ. ਦੀ ਹਮਾਇਤ ਕਰਨ ਤੋਂ ਪਹਿਲਾਂ ਮੇਰੇ ਨਾਲ ਪਾਰਟੀ ਨੇ ਕੋਈ ਰਾਇ ਨਹੀਂ ਲਈ ਤੇ ਨਾ ਹੀ ਲੋਕਾਂ ਤੋਂ ਕੋਈ ਰਾਇ ਮਸ਼ਵਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ, ਬੁੱਧੀਜੀਵੀ ਵਰਗ ਤੇ ਅਕਾਲੀ ਦਲ ਦੇ ਆਗੂਆਂ ਨਾਲ ਵੀ ਸਲਾਹ ਮਸ਼ਵਰਾ ਕਰ ਕੇ ਇਹ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ।