ਟੋਰਾਂਟੋ ਵਿਚਲੇ ਨਾਈਟ ਕਲੱਬ ’ਚ ਗੋਲੀਬਾਰੀ ਦੌਰਾਨ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਪੰਜਾਬੀ ਮੂਲ ਦੇ ਨੌਜਵਾਨ ਪਰਦੀਪ ਬਰਾਡ਼ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ’ਚ ਇਕ 24 ਸਾਲਾ ਮੁਟਿਆਰ ਵੀ ਜ਼ਖਮੀ ਹੋਈ ਪਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰਦੀਪ ਬਰਾਡ਼ ਐਤਵਾਰ ਤਡ਼ਕੇ 647 ਕਿੰਗ ਸੇਂਟ ਵਿਖੇ ਮੁਟਿਆਰ ਸਮੇਤ ਜ਼ਖਮੀ ਹੋ ਗਏ ਸਨ। ਟੋਰਾਂਟੋ ਪੁਲੀਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਕਿੰਗ ਸਟਰੀਟ ਦੇ ਨਾਈਟ ਕਲੱਬ ’ਚ ਗੋਲੀਬਾਰੀ ਕਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਯਾਦ ਰਹੇ ਕਿ ਇਹ ਫਾਇਰਿੰਗ ਤਡ਼ਕੇ 3.30 ਵਜੇ ਬਾਥਰਸਟ ਸਟਰੀਟ ਨੇਡ਼ੇ 647 ਕਿੰਗ ਸਟਰੀਟ ਵੈਸਟ ਵਿਖੇ ਹੋਈ ਸੀ। ਫਿਰ ਅਫਸਰਾਂ ਨੇ ਦੋ ਲੋਕਾਂ ਨੂੰ ਬੰਦੂਕ ਦੀ ਗੋਲੀ ਨਾਲ ਜ਼ਖਮੀ ਹੋਏ ਦੇਖਿਆ। ਇਕ 26 ਸਾਲਾ ਵਿਅਕਤੀ ਨੂੰ ਬਾਅਦ ’ਚ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਇਕ 24 ਸਾਲਾ ਲਡ਼ਕੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਪੁਸ਼ਟੀ ਕੀਤੀ ਕਿ ਪੀਡ਼ਤ ਪੁਰਸ਼ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਪੁਲੀਸ ਨੇ ਉਸ ਦੀ ਪਛਾਣ ਬਰੈਂਪਟਨ ਦੇ 26 ਸਾਲਾ ਪਰਦੀਪ ਬਰਾਡ਼ ਵਜੋਂ ਕੀਤੀ ਹੈ। ਫਿਲਹਾਲ ਇਸ ਮਾਮਲੇ ’ਚ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।