ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ’ਤੇ ਇਕ ਹੋਰ ਪਰਚਾ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਨਾ-ਬਰਦਾਸ਼ਤਯੋਗ ਨੀਤੀ ਅਪਣਾਉਣ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ ਖੇਤਰ ’ਚ ਗੈਰਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਐੱਫ.ਆਈ.ਆਰ. ਦਰਜ ਕਰਨ ਉਪਰੰਤ ਪੁਲੀਸ ਵੱਲੋਂ ਭੁਪਿੰਦਰ ਉਰਫ ਹਨੀ ਨੂੰ ਉਕਤ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ, ਜਦਕਿ ਕਪੂਰਥਲਾ ਜੇਲ ’ਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਸਾਲ 2021 ਦੇ ਅੰਤ ’ਚ ਡਾਇਰੈਕਟੋਰੇਟ ਆਫ ਐਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਈ.ਡੀ. ਨੇ ਫਿਰ ਵੱਖ-ਵੱਖ ਫਰਜ਼ੀ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ’ਤੇ ਗੈਰਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋਡ਼ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਈ.ਡੀ. ਦੇ ਪੱਤਰ ਤੋਂ ਬਾਅਦ, ਐੱਸ.ਐੱਸ.ਪੀ. ਮੁਹਾਲੀ ਨੇ ਇਸ ਮਾਮਲੇ ’ਚ ਅਗਲੇਰੀ ਜਾਂਚ ਲਈ ਐੱਸ.ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਤੁਰੰਤ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ‘ਸਿਟ’ ਨੇ ਪਾਇਆ ਕਿ ਦੋਵਾਂ ਮੁਲਜ਼ਮਾਂ ਨੇ ਰਾਜ ਪੱਧਰੀ ਵਾਤਾਵਰਣ ਅਥਾਰਟੀ, ਪੰਜਾਬ ਵੱਲੋਂ ਜਾਰੀ ਵਾਤਾਵਰਣ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ’ਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੈਰਕਾਨੂੰਨੀ ਮਾਈਨਿੰਗ ਕੀਤੀ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਨੇ 73 ਜਾਅਲੀ ਵੇਟਮੈਂਟ ਸਲਿੱਪਾਂ ਦੀ ਵੀ ਵਰਤੋਂ ਕੀਤੀ ਪਾਈ ਗਈ, ਜੋ ਈ.ਡੀ. ਵੱਲੋਂ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ। ਪੁਲੀਸ ਨੂੰ ਮਾਈਨਿੰਗ ਵਿਭਾਗ ਨੂੰ ਰਿਪੋਰਟ ਕੀਤੇ ਗਏ ਰੇਤ ਤੋਂ ਵੱਧ ਉਤਪਾਦਨ ਦੇ ਵੇਰਵੇ ਵੀ ਮਿਲੇ ਹਨ ਜਿਸ ਦੀ ਪੁਸ਼ਟੀ ਮਾਈਨਿੰਗ ਵਿਭਾਗ ਨੇ ਆਪਣੇ ਪੱਤਰ ਮਿਤੀ ਰਾਹੀਂ ਕੀਤੀ ਸੀ, ਜਿਸ ’ਚ ਮਾਈਨਿੰਗ ਵਿਭਾਗ ਨੂੰ ਰੇਤ ਦੀ ਘੱਟ ਖੁਦਾਈ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਸਰਕਾਰੀ ਖਜਾਨੇ ਨੂੰ ਵਿੱਤੀ ਨੁਕਸਾਨ ਦੀ ਵਜ੍ਹਾ ਹੈ।