ਭਾਰਤੀ ਮੂਲ ਦੇ ਪ੍ਰੋ. ਕੌਸ਼ਿਕ ਰਾਜਸ਼ੇਖਰ, ਜੋ ਹਿਊਸਟਨ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੇ ਪ੍ਰੋਫੈਸਰ ਹਨ, ਨੇ ਬਿਜਲੀ ਉਤਪਾਦਨ ਦੇ ਨਿਕਾਸ ਨੂੰ ਘੱਟ ਕਰਦੇ ਹੋਏ ਆਵਾਜਾਈ ਦੇ ਬਿਜਲੀਕਰਨ ਅਤੇ ਊਰਜਾ ਕੁਸ਼ਲਤਾ ਤਕਨੀਕਾਂ ’ਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਗਲੋਬਲ ਐਨਰਜੀ ਪੁਰਸਕਾਰ ਜਿੱਤਿਆ ਹੈ। 43 ਦੇਸ਼ਾਂ ਦੀਆਂ ਰਿਕਾਰਡ 119 ਨਾਮਜ਼ਦਗੀਆਂ ਵਿੱਚੋਂ ਗਲੋਬਲ ਐਨਰਜੀ ਐਸੋਸੀਏਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਸਨਮਾਨ ਲਈ ਇਸ ਸਾਲ ਦੁਨੀਆ ’ਚ ਸਿਰਫ ਤਿੰਨ ਲੋਕਾਂ ਨੂੰ ਚੁਣਿਆ ਗਿਆ ਸੀ। ਰਾਜਸ਼ੇਖਰ ਨੂੰ ਸੈਂਟਰ ਫਾਰ ਇਨੋਵੇਟਿਵ ਟੈਕਨਾਲੋਜੀਜ਼ (ਰੂਸ ਵਿੱਚ ਰੋਸੈਟਮ) ਦੇ ਮੁੱਖ ਮਾਹਰ ਅਤੇ ਥਰਮੋਨਿਊਕਲੀਅਰ ਭੌਤਿਕ ਵਿਗਿਆਨ ’ਚ ਮੋਹਰੀ ਵਿਕਟਰ ਓਰਲੋਵ ਅਤੇ ਨਾਰਥਵੈਸਟਰਨ ਯੂਨੀਵਰਸਿਟੀ ’ਚ ਰਸਾਇਣ ਅਤੇ ਸਮੱਗਰੀ ਵਿਗਿਆਨ ਦੇ ਪ੍ਰੋਫੈਸਰ ਅਤੇ ਅਰਗੋਨ ਨੈਸ਼ਨਲ ਲੈਬਾਰਟਰੀ ਦੇ ਸੀਨੀਅਰ ਖੋਜੀ ਮਰਕਰੀ ਕਨਾਤਜ਼ੀਡਿਸ ਦੁਆਰਾ 2022 ਦੇ ਜੇਤੂ ਵਜੋਂ ਸ਼ਾਮਲ ਕੀਤਾ ਗਿਆ। ਪੁਰਸਕਾਰ ਸਮਾਰੋਹ 12-14 ਅਕਤੂਬਰ ਨੂੰ ਮਾਸਕੋ ’ਚ ਰੂਸੀ ਊਰਜਾ ਹਫ਼ਤੇ ਦੌਰਾਨ ਆਯੋਜਿਤ ਕੀਤਾ ਜਾਵੇਗਾ। ਰਾਜਸ਼ੇਖਰ 36 ਅਮਰੀਕਨ ਪੇਟੈਂਟ ਅਤੇ 15 ਵਿਦੇਸ਼ੀ ਪੇਟੈਂਟਾਂ ਦਾ ਮਾਲਕ ਹੈ। ਯੂਨੀਵਰਸਿਟੀ ਆਫ ਹਿਊਸਟਨ ਦੀ ਭਾਰਤੀ ਮੂਲ ਦੀ ਪ੍ਰਧਾਨ ਰੇਣੂ ਖਟੋਰ ਨੇ ਕਿਹਾ ਕਿ ਪ੍ਰੋਫੈਸਰ ਰਾਜਸ਼ੇਖਰ ਨੂੰ ਸੀਮਾਵਾਂ ਨਹੀਂ, ਸਿਰਫ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਇਲੈਕਟ੍ਰਿਕ ਵਾਹਨ ਦੁਨੀਆ ਦੇ ਚੱਲਣ ਦੇ ਤਰੀਕੇ ਨੂੰ ਬਦਲ ਰਹੇ ਹਨ ਅਤੇ ਉਨ੍ਹਾਂ ਨੇ ਇਸ ਨਵੀਨਤਾ ਦੀ ਖੋਜ ਅਤੇ ਸੁਧਾਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਮੂਲ ਰੂਪ ’ਚ ਇੰਡੀਆ ਤੋਂ ਰਾਜਸ਼ੇਖਰ ਦੱਖਣੀ ਭਾਰਤ ਦੇ ਇਕ ਛੋਟੇ ਜਿਹੇ ਪਿੰਡ ’ਚ ਆਪਣੇ ਮਾਤਾ-ਪਿਤਾ ਅਤੇ ਦੋ ਭਰਾਵਾਂ ਦੇ ਨਾਲ ਇਕ ਕਮਰੇ ’ਚ ਵੱਡਾ ਹੋਇਆ। ਹਾਲਾਂਕਿ ਉਸਦੇ ਮਾਤਾ-ਪਿਤਾ ਵਿੱਚੋਂ ਕੋਈ ਵੀ ਪਡ਼੍ਹੇ-ਲਿਖੇ ਨਹੀਂ ਸਨ, ਉਸਦੀ ਮਾਂ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਸਦੇ ਬੱਚੇ ਜੋ ਵੀ ਕਰਨਗੇ ਉਸ ’ਚ ਉਹ ਸਭ ਤੋਂ ਵਧੀਆ ਹੋਣਗੇ। ਉਸਨੇ ਆਪਣੀ ਬੀ. ਇੰਜੀਨੀਅਰਿੰਗ, ਐੱਮ. ਇੰਜੀਨੀਅਰਿੰਗ ਅਤੇ ਪੀਐੱਚ.ਡੀ ਦੀਆਂ ਡਿਗਰੀਆਂ 1971-1984 ਤੱਕ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਤੋਂ ਕੀਤੀਆਂ। 1977 ਤੋਂ 1984 ਤੱਕ ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ’ਚ ਇਕ ਸਹਾਇਕ ਪ੍ਰੋਫੈਸਰ/ਸੀਨੀਅਰ ਵਿਗਿਆਨਕ ਅਧਿਕਾਰੀ ਵਜੋਂ ਕੰਮ ਕੀਤਾ ਅਤੇ ਬਾਅਦ ’ਚ 1992 ਵਿੱਚ ਇੰਡੀਆਨਾ ਵੇਸਲੀਅਨ ਯੂਨੀਵਰਸਿਟੀ, ਯੂ.ਐੱਸ.ਏ. ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ। ਰਾਜਸ਼ੇਖਰ ਨੇ ਕਿਹਾ ਕਿ ਉਸਨੂੰ ਇਕ ਸੰਦੇਹਵਾਦੀ ਸਮਾਜ ਨੂੰ ਯਕੀਨ ਦਿਵਾਉਣ ’ਚ ਆਪਣੀ ਭੂਮਿਕਾ ’ਤੇ ਮਾਣ ਹੈ ਕਿ ਇਲੈਕਟ੍ਰਿਕ ਕਾਰ ਇਕ ਹਕੀਕਤ ਬਣ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਲੰਬੇ ਸਮੇਂ ਤੋਂ ਆਵਾਜਾਈ ਦੇ ਬਿਜਲੀਕਰਨ ’ਤੇ ਕੰਮ ਕਰ ਰਿਹਾ ਹਾਂ। ਕਈ ਪੁਰਸਕਾਰ ਅਤੇ ਪ੍ਰਸ਼ੰਸਾ ਜਿੱਤਣ ਦੇ ਬਾਵਜੂਦ, ਜਦੋਂ ਪੁਰਸਕਾਰ ਦੀ ਖ਼ਬਰ ਆਈ ਤਾਂ ਰਾਜਸ਼ੇਖਰ ਹੈਰਾਨ ਰਹਿ ਗਏ।