ਦਰੋਪਦੀ ਮੁਰਮੂ ਨੇ ਸੋਮਵਾਰ ਨੂੰ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਸੰਸਦ ਦੇ ਕੇਂਦਰੀ ਹਾਲ ’ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ.ਵੀ. ਰਮਨਾ ਨੇ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਾਈ। ਸਹੁੰ ਚੁੱਕ ਸਮਾਗਮ ’ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਸੰਸਦ ਦੇ ਮੈਂਬਰ ਅਤੇ ਸਰਕਾਰ ਦੇ ਮੁਖੀ, ਸਿਵਲ ਅਤੇ ਫੌਜੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਉਨ੍ਹਾਂ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਉਹ ਚੋਣ ਜਿੱਤੀ ਅਤੇ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕੀ। ਓਡੀਸਾ ਦੇ ਮਯੂਰਭੰਜ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਉਨ੍ਹਾਂ ਨੇ ਰਾਸ਼ਟਰਪਤੀ ਹੋਣ ਤੱਕ ਦਾ ਸਫ਼ਰ ਤੈਅ ਕੀਤਾ ਹੈ। ਦਰੋਪਦੀ ਮੁਰਮੂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਰਾਸ਼ਟਰਪਤੀ ਹੈ। ਮੁਰਮੂ ਦਾ ਜਨਮ 20 ਜੂਨ 1958 ਨੂੰ ਹੋਇਆ ਸੀ। 25 ਜੁਲਾਈ ਨੂੰ ਉਨ੍ਹਾਂ ਦੀ ਉਮਰ 64 ਸਾਲ, 1 ਮਹੀਨਾ ਅਤੇ 8 ਦਿਨ ਹੋ ਜਾਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ਨੀਲਮ ਸੰਜੀਵਾ ਰੈੱਡੀ ਦੇ ਨਾਂ ਸੀ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੀ ਉਮਰ 64 ਸਾਲ 2 ਮਹੀਨੇ ਅਤੇ 6 ਦਿਨ ਸੀ। ਮੁਰਮੂ ਰਾਸ਼ਟਰਪਤੀ ਬਣਨ ਵਾਲੀ ਦੂਜੀ ਮਹਿਲਾ ਵੀ ਹੈ। ਮੁਰਮੂ ਨੇ 1994 ਤੋਂ 1997 ਤੱਕ ਰਾਏਰੰਗਪੁਰ ’ਚ ਸ਼੍ਰੀ ਅਰਬਿੰਦੋ ਇੰਟੇਗ੍ਰੇਟੇਲ ਐਜੂਕੇਸ਼ਨ ਐਂਡ ਰਿਸਰਚ ’ਚ ਅਧਿਆਪਕਾ ਵਜੋਂ ਕੰਮ ਕੀਤਾ। 1997 ’ਚ ਉਨ੍ਹਾਂ ਨੇ ਨੋਟੀਫਾਈਡ ਏਰੀਆ ਕੌਂਸਲ ’ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲਡ਼ੀ ਅਤੇ ਜਿੱਤੇ। ਇਕ ਅਧਿਆਪਕ ਵਜੋਂ ਉਨ੍ਹਾਂ ਨੇ ਪ੍ਰਾਇਮਰੀ ਸਕੂਲ ’ਚ ਵੱਖ-ਵੱਖ ਵਿਸ਼ੇ ਪਡ਼੍ਹਾਏ। ਮੁਰਮੂ ਨੇ ਪਰਮਾਤਮਾ ਦੇ ਨਾਂ ’ਤੇ ਹਿੰਦੀ ’ਚ ਹਲਫ਼ ਲਿਆ। ਹਲਫ਼ ਲੈਣ ਤੋਂ ਫੌਰੀ ਮਗਰੋਂ ਹਾਜ਼ਰੀਨ ਤੇ ਦੇਸ਼ ਵਾਸੀਆਂ ਨੂੰ ਆਪਣੇ ਪਲੇਠੇ ਸੰਬੋਧਨ ’ਚ ਰਾਸ਼ਟਰਪਤੀ ਮੁਰਮੂ ਨੇ ‘ਸਬਕਾ ਸਾਥ, ਸਬਕਾ ਕਰਤੱਵਯਾ’ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਕੋਈ ਨਿੱਜੀ ਉਪਲਬਧੀ ਨਹੀਂ ਬਲਕਿ ਇੰਡੀਆ ਦੇ ਹਰੇਕ ਗ਼ਰੀਬ ਵਿਅਕਤੀ ਦੀ ਹੈ ਤੇ ਇਹ ਸਾਬਤ ਕਰਦੀ ਹੈ ਕਿ ਉਹ ਨਾ ਸਿਰਫ਼ ਸੁਪਨਾ ਵੇਖ ਸਕਦਾ ਹੈ ਬਲਕਿ ਇਸ ਨੂੰ ਪੂਰਾ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਦੱਬਿਆ ਕੁਚਲਿਆ, ਗਰੀਬ, ਦਲਿਤ ਤੇ ਕਬਾਇਲੀ ਵਰਗ, ਉਨ੍ਹਾਂ ’ਚ ਆਪਣਾ ਪਰਛਾਵਾਂ ਵੇਖ ਸਕਦਾ ਹੈ। ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਮੁਰਮੂ ਨੇ ਕਿਹਾ ਕਿ ਉਹ ਆਜ਼ਾਦ ਭਾਰਤ ’ਚ ਪੈਦਾ ਹੋਣ ਵਾਲੀ ਪਹਿਲੇ ਰਾਸ਼ਟਰਪਤੀ ਹਨ ਤੇ ਇਹ ਉਨ੍ਹਾਂ ਦੇ ਚੰਗੇ ਭਾਗ ਹਨ ਕਿ ਉਨ੍ਹਾਂ ਅਜਿਹੇ ਮੌਕੇ ਇਹ ਅਹੁਦਾ ਸੰਭਾਲਿਆ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ।