ਲੁਧਿਆਣਾ ਤੋਂ ਚੰਡੀਗਡ਼੍ਹ ਜਾਂਦੇ ਸਮੇਂ ਸਮਰਾਲਾ ਨੇਡ਼ਲੇ ਘੁਲਾਲ ਟੌਲ ਪਲਾਜ਼ਾ ’ਤੇ ਆਜ਼ਾਦੀ ਦੇ 75ਵੇਂ ਮਹਾਉਤਸਵ ਮੌਕੇ ਨੈਸ਼ਨਲ ਹਾਈਵੇਅ ਅਥਾਰਟੀ ਅਧੀਨ ਬਣਾਏ ਗਏ ਤਾਲਾਬ ਦਾ ਨਾਂ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ’ਚ ਸਥਿਤ ਪਵਿੱਤਰ ‘ਅੰਮ੍ਰਿਤ ਸਰੋਵਰ’ ਦੇ ਨਾਂ ਉੱਤੇ ਰੱਖੇ ਜਾਣ ਨਾਲ ਵਿਵਾਦ ਖਡ਼੍ਹਾ ਹੋ ਗਿਆ ਹੈ। ਇਲਾਕੇ ਦੀਆਂ ਸਿੱਖ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਨੇ ਇਸ ਕਾਰਵਾਈ ਨੂੰ ਸਿੱਖ ਧਰਮ ਦੀਆਂ ਭਾਵਾਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹੈ। ਜਿਵੇਂ ਹੀ ਇਲਾਕੇ ਦੇ ਲੋਕਾਂ ਅਤੇ ਜਥੇਬੰਦੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਥੇ ਵੱਡੀ ਗਿਣਤੀ ’ਚ ਸਿੱਖ ਅਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਸਣੇ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ। ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਦੇ ਹੱਕ ’ਚ ਧਰਨਾ ਲੱਗਾ ਦਿੱਤਾ। ਸਿੱਖ ਜਥੇਬੰਦੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਣ ’ਤੇ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਮੌਕੇ ਉੱਤੇ ਪਹੁੰਚ ਗਏ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਸਾਰੀ ਜਾਣਕਾਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਅਧੀਨ ਪੈਂਦੇ ਇਸ ਟੌਲ ਪਲਾਜ਼ਾ ’ਤੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਅਧੀਨ ਇਹ ਤਾਲਾਬ ਤਿਆਰ ਕੀਤਾ ਗਿਆ ਸੀ। ਤਾਲਾਬ ਦਾ ਨਾਂ ‘ਅੰਮ੍ਰਿਤ ਸਰੋਵਰ’ ਰੱਖ ਕੇ ਇਸ ਦੇ ਬਾਹਰ ਵੱਖ-ਵੱਖ ਭਾਸ਼ਾਵਾਂ ’ਚ ਬੋਰਡ ਲੱਗਾ ਦਿੱਤਾ ਗਿਆ। ਇਹ ਜਾਣਕਾਰੀ ਜਦੋਂ ਲੋਕਾਂ ਨੂੰ ਮਿਲੀ ਤਾਂ ਉਹ ਭਡ਼ਕ ਪਏ ਅਤੇ ਸਿੱਖ ਸੰਗਠਨਾਂ ਨੇ ਇਥੇ ਆ ਕੇ ਮੋਰਚਾ ਲੱਗਾ ਦਿੱਤਾ। ਇਸ ਸਾਰੀ ਕਾਰਵਾਈ ਨੂੰ ਸਿੱਖ ਧਰਮ ਖ਼ਿਲਾਫ਼ ਸਾਜ਼ਿਸ਼ ਦੱਸਿਆ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਉਨ੍ਹਾਂ ਇਸ ਕਾਰਵਾਈ ਨੂੰ ਸੂਬੇ ਦੇ ਹਾਲਾਤ ਖ਼ਰਾਬ ਕਰਨ ਵਾਲੀ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰ ਜਾਣਬੁੱਝ ਕੇ ਸੂਬੇ ਦੇ ਹਾਲਾਤ ਖ਼ਰਾਬ ਕਰਵਾਉਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਦੂਜੇ ਪਾਸੇ ਟੌਲ ਪਲਾਜ਼ਾ ਅਧਿਕਾਰੀਆਂ ਨੇ ਘਟਨਾ ਤੋਂ ਆਪਣਾ ਪੱਲਾ ਝਾਡ਼ਦਿਆਂ ਸਾਰੀ ਜ਼ਿੰਮੇਵਾਰੀ ਹਾਈਵੇਅ ਅਥਾਰਟੀ ਸਿਰ ਪਾਉਂਦਿਆ ਕਿਹਾ ਕਿ ਇਹ ਤਾਲਾਬ ਉਨ੍ਹਾਂ ਦੀਆਂ ਹਦਾਇਤਾਂ ਮੁਤਾਬਕ ਹੀ ਤਿਆਰ ਕੀਤਾ ਗਿਆ ਹੈ। ਇਸ ਦਾ ਨਾਂ ਵੀ ਅਥਾਰਟੀ ਵੱਲੋਂ ਹੀ ਰੱਖਿਆ ਗਿਆ ਹੈ।