ਪੋਪ ਫਰਾਂਸਿਸ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ’ਚ ਯਾਤਰਾ ’ਤੇ ਪਹੁੰਚੇ ਹਨ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਮੇ ਸਾਈਮਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੋਪ ਫਰਾਂਸਿਸ ਇਥੇ ਉਨ੍ਹਾਂ ਸਥਾਨਕ ਲੋਕਾਂ ਤੋਂ ਮੁਆਫ਼ੀ ਮੰਗਣਗੇ ਜਿਨ੍ਹਾਂ ਦੇ ਬੱਚੇ ਕੈਥੋਲਿਕ ਚਰਚ ਦੇ ਰਿਹਾਇਸ਼ੀ ਸਕੂਲਾਂ ’ਚ ਜਿਣਸੀ ਦੁਰਵਿਹਾਰ ਸਮੇਤ ਕਈ ਤਰ੍ਹਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਹਨ। ਵੈਟੀਕਨ ਦੇ ਬੁਲਾਰੇ ਨੇ ਦੱਸਿਆ ਕਿ ਪੋਪ ਨੇ ਪਹਿਲੀ ਅਪ੍ਰੈਲ ਨੂੰ ਵੈਟੀਕਨ ਸਿਟੀ ’ਚ ਤਿੰਨੋਂ ਕੈਨੇਡੀਅਨ ਭਾਈਚਾਰਿਆਂ ਦੇ ਵਫਦਾਂ ਤੋਂ ਮੁਆਫ਼ੀ ਮੰਗੀ ਸੀ। ਹੁਣ 24 ਤੋਂ 30 ਜੁਲਾਈ ਤੱਕ ਦੇ ਦੌਰੇ ਦੌਰਾਨ ਪੀਡ਼ਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣਗੇ। 85 ਸਾਲਾ ਪੋਪ ਨੇ ਸੰਬੋਧਨ ’ਚ ਕਿਹਾ ਕਿ ਉਹ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੁੱਖ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਉਥੇ ਆਏ ਹਨ। ਵੈਟੀਕਨ ਨੂੰ ਤਿੰਨ ਭਾਈਚਾਰਿਆਂ ਦੇ ਵਫ਼ਦਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਜ਼ੁਬਾਨੀ ਮੁਆਫ਼ੀ ਨਾਲ ਸੰਤੁਸ਼ਟ ਨਹੀਂ ਹੋਣਗੇ। ਲੋਕ ਉਨ੍ਹਾਂ ਬੱਚਿਆਂ ਬਾਰੇ ਜਾਣਨਾ ਚਾਹੁੰਦੇ ਹਨ ਜੋ ਇਨ੍ਹਾਂ ਸਕੂਲਾਂ ਤੋਂ ਘਰ ਨਹੀਂ ਪਰਤੇ। ਇਸ ਲਈ ਚਰਚ ਦੇ ਆਰਕਾਈਵਜ਼ ਤੱਕ ਬਿਨਾਂ ਰੁਕਾਵਟ ਪਹੁੰਚ ਦੀ ਮੰਗ ਕੀਤੀ ਗਈ ਹੈ। 2015 ’ਚ ਕੈਨੇਡਾ ਦੇ ਸੱਚ ਅਤੇ ਸੁਲ੍ਹਾ ਕਮਿਸ਼ਨ ਵੱਲੋਂ ਕੈਨੇਡਾ ਦੀ ਧਰਤੀ ’ਤੇ ਪੋਪ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਤੋਂ ਇਨ੍ਹਾਂ ਸਕੂਲਾਂ ’ਚ 2000 ਤੋਂ ਵੱਧ ਬੇਨਾਮ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ। ਫਰਵਰੀ 2021 ’ਚ ਬ੍ਰਿਟਿਸ਼ ਕੋਲੰਬੀਆ ਦੇ ਇਕ ਸਕੂਲ ’ਚ ਬੇਨਾਮ ਬੱਚਿਆਂ ਦੀਆਂ 200 ਸਮੂਹਿਕ ਕਬਰਾਂ ਮਿਲੀਆਂ। ਚਰਚ ਦੇ ਪੁਰਾਲੇਖਾਂ ’ਚ ਮਿਲੇ ਦਸਤਾਵੇਜ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਬੱਚੇ ਕੈਨੇਡਾ ’ਚ ਤਿੰਨ ਭਾਈਚਾਰਿਆਂ ਨਾਲ ਸਬੰਧਤ ਸਨ। ਕਨਫੈਡਰੇਸੀ ਆਫ਼ ਟ੍ਰੀਟੀ ਸਿਕਸ ਦੇ ਗ੍ਰੈਂਡ ਚੀਫ਼ ਜਾਰਜ ਆਰਕੈਂਡ ਜੂਨੀਅਰ ਨੇ ਕਿਹਾ ਕਿ ਇਹ ਮੁਆਫ਼ੀ ਸਾਡੇ ਤਜ਼ਰਬਿਆਂ ਨੂੰ ਪ੍ਰਮਾਣਿਤ ਕਰੇਗੀ, ਨਾਲ ਹੀ ਇਹ ਚਰਚ ਲਈ ਦੁਨੀਆ ਭਰ ਦੇ ਆਦਿਵਾਸੀ ਲੋਕਾਂ ਨਾਲ ਸਬੰਧਾਂ ਨੂੰ ਸੁਧਾਰਨ ਦਾ ਇਕ ਮੌਕਾ ਵੀ ਹੋਵੇਗਾ। ਪਰ ਮਾਮਲਾ ਇਥੇ ਖ਼ਤਮ ਨਹੀਂ ਹੁੰਦਾ, ਅਸਲ ’ਚ ਇਹ ਇਕ ਸ਼ੁਰੂਆਤ ਹੈ ਜਿਸ ਤੋਂ ਕੈਥੋਲਿਕ ਚਰਚ ਨੂੰ ਆਪਣੇ ਕੰਮਾਂ ਲਈ ਪ੍ਰਾਸਚਿਤ ਸ਼ੁਰੂ ਕਰਨਾ ਚਾਹੀਦਾ ਹੈ।