ਮੁਹਾਲੀ ਪੁਲੀਸ ਨੇ ਵਿੱਕੀ ਮਿੱਡੂਖੇਡ਼ਾ ਕਤਲ ਕੇਸ ’ਚ ਭੂਪੀ ਰਾਣਾ ਅਤੇ ਪੰਜ ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ। ਕਤਲ ਕੇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ, ਅਜੇ ਕੁਮਾਰ ਉਰਫ਼ ਸੰਨੀ ‘ਖੱਬੋ ਨਿਸ਼ਾਨੇਬਾਜ਼’, ਅਮਿਤ ਡਾਗਰ, ਕੌਸ਼ਲ ਚੌਧਰੀ ਅਤੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ’ਤੇ ਕਤਲ (302), ਸਾਜ਼ਿਸ਼ (120-ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਸਾਂਝੀ ਤੀਬਰਤਾ ਨਾਲ ਅਪਰਾਧ (34) ਅਤੇ ਸਥਾਨਕ ਅਦਾਲਤ ’ਚ ਅਸਲਾ ਐਕਟ ਦੇ ਦੋਸ਼ ਲਾਏ ਹਨ। ਹਾਲਾਂਕਿ ਪੁਲੀਸ ਅਜੇ ਤੱਕ ਅਰਮੀਨੀਆ ਆਧਾਰਿਤ ਗੈਂਗਸਟਰ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਨਹੀਂ ਕਰ ਸਕੀ ਹੈ, ਜੋ ਕਿ ਗੌਰਵ-ਬੰਬੀਹਾ ਗੈਂਗ ਨੂੰ ਚਲਾ ਰਿਹਾ ਹੈ। ਇਸ ਮਾਮਲੇ ਸਬੰਧੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦੀ ਭਾਲ ’ਚ ਦਿੱਲੀ ਪੁਲੀਸ ਵੱਲੋਂ ਉਸ ਦੇ ਮੁਹਾਲੀ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਕੁਝ ਦਿਨ ਬਾਅਦ ਉਹ ਆਸਟਰੇਲੀਆ ਭੱਜ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਤਿੰਨਾਂ ਸ਼ਾਰਪ ਸ਼ੂਟਰਾਂ ਨੇ ਦਾਅਵਾ ਕੀਤਾ ਕਿ ਸ਼ਗਨਪ੍ਰੀਤ ਸਿੰਘ ਨੇ ਚੌਥੇ ਅਣਪਛਾਤੇ ਸ਼ਾਰਪ ਸ਼ੂਟਰ ਨੂੰ ਉਨ੍ਹਾਂ ਨਾਲ ਮਿਲਵਾਇਆ ਸੀ ਅਤੇ ਉਨ੍ਹਾਂ ਸਾਰਿਆਂ ਨੇ ਵਿੱਕੀ ਮਿੱਡੂਖੇਡ਼ਾ ਦੇ ਘਰ ਦੀ ਰੇਕੀ ਲਈ ਸ਼ਗਨਪ੍ਰੀਤ ਦੀ ਕਾਰ ਦੀ ਵਰਤੋਂ ਕੀਤੀ ਸੀ। ਦੱਸਣਯੋਗ ਹੈ ਕਿ ਸ਼ਗਨਪ੍ਰੀਤ ਇਸ ਵੇਲੇ ਆਸਟਰੇਲੀਆ ’ਚ ਹੈ। ਮੁਹਾਲੀ ਪੁਲੀਸ ਨੇ ਦੱਸਿਆ ਕਿ ਮਿੱਡੂਖੇਡ਼ਾ ’ਤੇ ਹਮਲਾ ਕਰਨ ਤੋਂ ਇਕ ਰਾਤ ਪਹਿਲਾਂ ਸ਼ਗਨਪ੍ਰੀਤ ਨੇ ਵਿੱਕੀ ਮਿੱਡੂਖੇਡ਼ਾ ਦੇ ਕਾਤਲਾਂ ਨੂੰ ਜਲਵਾਯੂ ਵਿਹਾਰ ਵਿਖੇ ਪਨਾਹ ਦਿੱਤੀ ਸੀ। ਇਸ ਮਾਮਲੇ ਨੂੰ ਦਿੱਲੀ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਸੁਲਝਾਇਆ ਸੀ, ਜਿਸ ਨੇ ਵਿੱਕੀ ਮਿੱਡੂਖੇਡ਼ਾ ਦੇ ਤਿੰਨ ਕਾਤਲਾਂ ਸਮੇਤ 12 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਵਿੱਕੀ ਮਿੱਡੂਖੇਡ਼ਾ ਦਾ 7 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ-71 ’ਚ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਆ ਰਿਹਾ ਸੀ।