ਪੰਜਾਬ ’ਚ ਐਡਵੋਕੇਟ ਜਨਰਲ ਦਾ ਅਹੁਦਾ ਹਮੇਸ਼ਾ ਚਰਚਾ ਤੇ ਵਿਵਾਦਾਂ ’ਚ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਐਡਵੋਕੇਟ ਅਤੁਲ ਨੰਦਾ ਵਿਰੋਧੀਆਂ ਤੋਂ ਇਲਾਵਾ ਕਾਂਗਰਸ ਦੇ ਨਿਸ਼ਾਨੇ ’ਤੇ ਵੀ ਆਉਂਦੇ ਰਹੇ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਏ.ਪੀ.ਐੱਸ. ਦਿਓਲ ਵੀ ਵਿਵਾਦ ’ਚ ਫਸੇ। ਹੁਣ ਜਿਵੇਂ ਹੀ ਚਾਰ ਮਹੀਨੇ ਪਹਿਲਾਂ ਲੱਗੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫ਼ਾ ਦਿੱਤਾ ਤਾਂ ਇਕ ਵਾਰ ਫਿਰ ਚਰਚਾ ਛਿਡ਼ ਪਈ। ਇਸ ਵਾਰ ਅਨਮੋਲ ਰਤਨ ਸਿੱਧੂ ਦੇ ਅਸਤੀਫ਼ੇ ਦੇ ਕਾਰਨ ਦੀ ਚਰਚਾ ਤਾਂ ਹੋਈ ਪਰ ਉਸ ਤੋਂ ਜ਼ਿਆਦਾ ਨਵੇਂ ਲਾਏ ਗਏ ਐਡਵੋਕੇਟ ਜਨਰਲ ਵਿਨੋਦ ਘਈ ਸੁਰਖੀਆਂ ’ਚ ਆ ਗਏ। ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ ਪਰ ਉਹ ਪਿਛੋਕਡ਼ ’ਚ ਬੇਅਦਬੀ ਮਾਮਲਿਆਂ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਕੀਲ, ਪੰਚਕੂਲਾ ਹਿੰਸਾ ’ਚ ਡੇਰੇ ਦਾ ਵਕੀਲ। ਇਸੇ ਤਰ੍ਹਾਂ ਉਹ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ, ‘ਆਪ’ ਸਰਕਾਰ ਦੀ ਵਜ਼ਾਰਤ ’ਚੋਂ ਰਿਸ਼ਵਤਖੋਰੀ ਤਹਿਤ ਬਰਖ਼ਾਸਤ ਡਾ. ਵਿਜੇ ਸਿੰਗਲਾ ਦੇ ਵਕੀਲ ਰਹੇ। ਸਿਰਜੀਤ ਸਿੰਘ ਬੈਂਸ ਦੇ ਜਬਰ ਜਨਾਹ ਮਾਮਲੇ ’ਚ ਵਕੀਲ, ਸਿੱਧੂ ਮੂਸੇਵਾਲਾ ਦੇ ਮੈਨੇਜਰ ਵਜੋਂ ਚਰਚਾ ’ਚ ਆਏ ਸ਼ਗਨਪ੍ਰੀਤ ਸਿੰਘ ਦੇ ਵਕੀ, ਸਾਬਕਾ ਕਾਂਗਰਸ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਭ੍ਰਿਸ਼ਟਾਚਾਰ ਵਾਲੇ ਕੇਸ ’ਚ ਵੀ ਉਹੀ ਵਕੀਲ ਹਨ। ਬੇਅਦਬੀ ਮਾਮਲੇ ’ਚ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ’ਤੇ ਰੋਕ ਲਗਵਾਉਣ ਦੇ ਮਾਮਲੇ ਦੀ ਘਈ ਨੇ ਪੈਰਵੀ ਕੀਤੀ ਸੀ। ਸਾਬਕਾ ਡੀ.ਜੀ.ਪੀ. ਸੈਣੀ ਨੂੰ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਹਿਰਾਸਤ ’ਚ ਲਿਆ ਸੀ ਤਾਂ ਉਸ ਵੇਲੇ ਘਈ ਨੇ ਸੈਣੀ ਦੀ ਪੈਰਵੀ ਕਰ ਕੇ ਉਨ੍ਹਾਂ ਨੂੰ ਰਾਹਤ ਦਿਵਾਈ ਸੀ। ਇਸ ਤੋਂ ਇਲਾਵਾ ਹਾਈ ਕੋਰਟ ’ਚ ਡੇਰਾ ਸੱਚਾ ਸੌਦਾ ਵੱਲੋਂ ਕਈ ਮਾਮਲਿਆਂ ਦੀ ਪੈਰਵੀ ਲਈ ਘਈ ਪੇਸ਼ ਹੁੰਦੇ ਹਨ। ਜਿਸ ਤਰ੍ਹਾਂ ਚੰਨੀ ਸਰਕਾਰ ’ਤੇ ਦਿਓਲ ਦੀ ਨਿਯੁਕਤੀ ਵੇਲੇ ਕਾਨਫਲਿਕਟ ਆਫ ਇੰਟਰਸਟ ਦਾ ਦੋਸ਼ ਲੱਗਾ ਸੀ, ਉਸੇ ਤਰ੍ਹਾਂ ਦੇ ਦੋਸ਼ ਘਈ ’ਤੇ ਵੀ ਲੱਗ ਸਕਦੇ ਹਨ। ਨਵੇਂ ਏ.ਜੀ. ਵਿਨੋਦ ਘਈ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ ’ਚ ਹਜ਼ਾਰਾਂ ਕਰੋਡ਼ ਰੁਪਏ ਦੇ ਨਸ਼ੇ ਦਾ ਕਾਰੋਬਾਰ ਖ਼ਿਲਾਫ਼ ਹਾਈ ਕੋਰਟ ਵੱਲੋਂ ਲਏ ਗਏ ਨੋਟਿਸ ਦੇ ਮਾਮਲੇ ’ਚ ਪੰਜਾਬ ਸਰਕਾਰ ਦਾ ਮਜ਼ਬੂਤੀ ਨਾਲ ਪੱਖ ਰੱਖਣ ਦੀ ਹੋਵੇਗੀ। ਇਸ ਮਾਮਲੇ ’ਚ ਕੇਂਦਰੀ ਤੇ ਸੂਬੇ ਦੀਆਂ ਏਜੰਸੀਆਂ ਦੀ ਰਿਪੋਰਟ ਹਾਈ ਕੋਰਟ ’ਚ ਪਈ ਹੈ ਜਿਸ ’ਤੇ ਜਲਦੀ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਵੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਕਰੀਬ ਚਾਰ ਮਹੀਨੇ ਮਗਰੋਂ ਅਚਨਚੇਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੁੱਖ ਮੰਤਰੀ ਨੂੰ ਭੇਜੇ ਅਸਤੀਫ਼ੇ ’ਚ ਐਡਵੋਕੇਟ ਜਨਰਲ ਨੇ ਆਪਣੇ ਅਸਤੀਫ਼ੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਸੀ।