ਸੰਯੁਕਤ ਰਾਸ਼ਟਰ ਮਿਸ਼ਨ ਖ਼ਿਲਾਫ਼ ਪੂਰਬੀ ਕਾਂਗੋ ’ਚ ਦੋ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ’ਚ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 50 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਕਿ ਨੌਰਥ ਕਿਵੂ ਪ੍ਰਾਂਤ ਦੇ ਬੁਟੈਂਬੋ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਲ ਨਾਲ ਕੰਮ ਕਰ ਰਹੇ ਇਕ ਸ਼ਾਂਤੀ ਰੱਖਿਅਕ ਅਤੇ ਦੋ ਕੌਮਾਂਤਰੀ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਜ਼ਖ਼ਮੀ ਹੋ ਗਿਆ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਂਗੋ ਦੇ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਲਏ ਅਤੇ ਸੰਯੁਕਤ ਰਾਸ਼ਟਰ ਦੇ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸੰਯੁਕਤ ਰਾਸ਼ਟਰ ਦੇ ਉਪ ਤਰਜਮਾਨ ਫ਼ਰਹਾਨ ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਸਣੇ ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਂਕਡ਼ੇ ਹਮਲਾਵਰਾਂ ਨੇ ਗੋਮਾ ਦੇ ਨਾਲ ਹੀ ਨੌਰਥ ਕਿਵੂ ਦੇ ਹੋਰ ਹਿੱਸਿਆਂ ’ਚ ਸੰਯੁਕਤ ਰਾਸ਼ਟਰ ਬਲ ਦੇ ਅੱਡਿਆਂ ’ਤੇ ਮੁਡ਼ ਤੋਂ ਹਮਲਾ ਕੀਤਾ। ਕਾਂਗੋ ਪੁਲੀਸ ਨੇ ਦੱਸਿਆ ਕਿ ਗੋਮਾ ’ਚ ਘੱਟੋ-ਘੱਟ ਛੇ ਵਿਅਕਤੀਆਂ ਅਤੇ ਬੁਟੈਂਬੋ ’ਚ ਅੱਠ ਨਾਗਰਿਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਸਰਕਾਰ ਦੇ ਤਰਜਮਾਨ ਪੈਟ੍ਰਿਕ ਮੁਯਾਯਾ ਨੇ ਕਿਹਾ ਕਿ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਤੇ ਕਰੀਬ 50 ਜਣੇ ਜ਼ਖ਼ਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਮੌਤਾਂ ਦਾ ਕਾਰਨ ਸ਼ਾਂਤੀ ਰੱਖਿਅਕਾਂ ਵੱਲੋਂ ਗੋਲੀਬਾਰੀ ਕੀਤੇ ਜਾਣਾ ਦੱਸਿਆ ਹੈ।