ਬ੍ਰਿਟੇਨ ’ਚ ਹਜ਼ਾਰਾਂ ਟਰੇਨ ਚਾਲਕਾਂ ਦੇ ਹਡ਼ਤਾਲ ’ਤੇ ਚੱਲੇ ਜਾਣ ਕਾਰਨ ਕਰਮਚਾਰੀਆਂ, ਛੁੱਟੀਆਂ ਮਨਾ ਰਹੇ ਲੋਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਯਾਤਰਾ ਕਰਨ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ’ਚ ਕਰੀਬ 5,000 ਚਾਲਕਾਂ ਨੇ ਸੱਤ ਕੰਪਨੀਆਂ ਵਿਰੁੱਧ 24 ਘੰਟੇ ਦੀ ਹਡ਼ਤਾਲ ਕੀਤੀ। ਇਹ ਹਡ਼ਤਾਲ ਬਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਅਤੇ ਇੰਗਲਿਸ਼ ਫੁੱਟਬਾਲ ਸੀਜ਼ਨ ਦੇ ਪਹਿਲੇ ਦਿਨ ਹੋਈ। ਇਸ ਤੋਂ ਪਹਿਲਾਂ, ਬ੍ਰਿਟੇਨ ’ਚ ਰੇਲਵੇ ਦੇ ਸਫਾਈ ਕਰਮਚਾਰੀਆਂ, ਸਿਗਨਲ ਵਰਕਰ, ਰੱਖ-ਰਖਾਅ ਅਤੇ ਸਟੇਸ਼ਨ ਕਰਮਚਾਰੀ ਤਖਨਾਹਾਂ, ਨੌਕਰੀ ਅਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਜੂਨ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਪੂਰੇ ਚਾਰ ਦਿਨ ਦੀ ਹਡ਼ਤਾਲ ਕਰ ਚੁੱਕੇ ਹਨ। ਕਰਮਚਾਰੀ ਯੂਨੀਅਨ 9 ਫੀਸਦੀ ਤੋਂ ਜ਼ਿਆਦਾ ਦੀ ਮਹਿੰਗਾਈ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰੇਲ ਕੰਪਨੀਆਂ ਮਹਾਮਾਰੀ ਦੇ ਚੱਲਦੇ ਦੋ ਸਾਲ ਬਾਅਦ ਲਾਗਤ ’ਚ ਕਮੀ ਲਿਆਉਣ ਅਤੇ ਛਾਂਟੀ ਕਰਨ ਦੀ ਕਵਾਇਦ ’ਚ ਜੁੱਟੀਆਂ ਹਨ। ਕਰਮਚਾਰੀ ਯੂਨੀਅਨ ਕੰਜ਼ਰਵੇਟਿਵ ਸਰਕਾਰ ’ਤੇ ਰੇਲ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਬਿਹਤਰ ਤਨਖਾਹ ਦੀ ਪੇਸ਼ਕਸ਼ ਕਰਨ ਤੋਂ ਰੋਕਣ ਦਾ ਦੋਸ਼ ਲੱਗਾ ਰਹੇ ਹਨ। ਹਾਲਾਂਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।