ਪੰਜਾਬ ਦੀਆਂ ਰਵਇਤੀ ਪਾਰਟੀਆਂ ਦੇ ਰਾਜ ਤੋਂ ਅੱਕੇ ਲੋਕਾਂ ਅੱਗੇ ਬਦਲਾਅ ਦੇ ਨਾਂ ’ਤੇ ਆਈ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਤਾਂ ਹਾਸਲ ਕਰ ਲਿਆ ਪਰ ਇਸ ਦਾ ਸਾਢੇ ਚਾਰ ਮਹੀਨੇ ਦਾ ਕਾਰਜਕਾਲ ਵਿਵਾਦਾਂ ’ਚ ਹੀ ਰਿਹਾ ਹੈ। ਮੁੱਖ ਮੰਤਰੀ ਤੇ ਮੰਤਰੀਆਂ ਨੂੰ ਕਈ ਵਾਰ ਸਫਾਈਆਂ ਦੇਣੀਆਂ ਪਈਆਂ ਅਤੇ ਮੁਆਫ਼ੀ ਤੱਕ ਮੰਗਣੀ ਪਈ ਹੈ। ਹਾਲਾਂਕਿ ਸਰਕਾਰ ਨੇ ਇਕ ਵਿਧਾਇਕ ਇਕ ਪੈਨਸ਼ਨ ਅਤੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇਣ ਅਤੇ ਛੱਤੀ ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਸ਼ੁਰੂਆਤੀ ਦਿਨਾਂ ’ਚ ਚੰਗੇ ਫੈਸਲੇ ਲਏ ਹਨ ਪਰ ਪਾਰਟੀ ਵਿਧਾਇਕਾਂ ਤੇ ਵਰਕਰਾਂ ਦੀਆਂ ਹਰਕਤਾਂ ਕਾਰਨ ਪੰਜਾਬ ਸਰਕਾਰ ਦੀ ਕਿਰਕਿਰੀ ਹੋਈ ਹੈ। ਕੁਝ ਵਿਧਾਇਕਾਂ ਦੀਆਂ ਹੋਛੀਆਂ ਗੱਲਾਂ ਕਰ ਕੇ ਸਰਕਾਰ ਰਾਜਸੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਆਪਣੀ ਵਜ਼ਾਰਤ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਕਾਰਵਾਈ ਨੇ ਮੁੱਖ ਮੰਤਰੀ ਦੀ ਲੋਕਾਂ ’ਚ ਚੰਗੀ ਭੱਲ ਬਣਾਈ ਪਰ ਸਰਕਾਰ ਡਾ. ਸਿੰਗਲਾ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਸਬੂਤ ਪੇਸ਼ ਨਾ ਕਰ ਸਕੀ ਜਿਸ ਨਾਲ ਡਾ. ਸਿੰਗਲਾ ਨੂੰ ਜ਼ਮਾਨਤ ਮਿਲ ਗਈ ਤੇ ਸਰਕਾਰ ਉਲਟਾ ਘਿਰ ਗਈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋਡ਼ੇਮਾਜਰਾ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਬੈੱਡ ’ਤੇ ਲਟਾਉਣ ਵਾਲੀ ਘਟਨਾ ਨੇ ਸਰਕਾਰ ਨੂੰ ਸ਼ਰਮਸ਼ਾਰ ਕੀਤਾ ਹੈ। ਇੰਟਰਨੈੱਟ ਮੀਡੀਆ ’ਤੇ ਲੋਕਾਂ ਨੇ ਨਾ ਸਿਰਫ਼ ਸਰਕਾਰ ਦੀ ਆਲੋਚਨਾ ਕੀਤੀ ਹੈ, ਬਲਕਿ ਡਾ. ਰਾਜ ਬਹਾਦਰ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਉਸ ਦੀ ਘਾਲਣਾ ਦੀ ਸ਼ਲਾਘਾ ਕੀਤੀ ਹੈ। ਸਿਹਤ ਮੰਤਰੀ ਨੇ ਕੁਝ ਦਿਨ ਪਹਿਲਾਂ ਮੋਰਿੰਡਾ ਵਿਖੇ ਕਮਿਉਨਿਟੀ ਹਸਪਤਾਲ ਦੇ ਦੌਰੇ ਦੌਰਾਨ ਖ਼ਾਮੀਆਂ ਨੂੰ ਲੈ ਕੇ ਡਾਕਟਰਾਂ ਦੀ ਝਾਡ਼ਝੰਬ ਕੀਤੀ ਸੀ। ਇਸੇ ਤਰ੍ਹਾਂ ਲੁਧਿਆਣਾ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਪੁਲੀਸ ਅਧਿਕਾਰੀ ਨਾਲ ਤਕਰਾਰਬਾਜ਼ੀ ਵਾਲੀ ਵਾਇਰਲ ਹੋਈ ਵੀਡਿਓ ਨੇ ਸਰਕਾਰ ਦੀ ਕਿਰਕਿਰੀ ਕਰਵਾਈ ਸੀ। ਲੁਧਿਆਣਾ ਦੇ ਇਕ ਹੋਰ ਵਿਧਾਇਕ ਪੱਪੀ ਪਰਾਸ਼ਰ ਵੱਲੋਂ ਇਕ ਐੱਨ.ਜੀ.ਓ. ਨੂੰ ਜ਼ਮੀਨ ਦਿਵਾਉਣ ਦੇ ਮਾਮਲੇ ’ਚ ਐੱਸ.ਐੱਚ.ਓ. ਨਾਲ ਬੁਰਾ ਵਿਵਹਾਰ ਕੀਤਾ ਜਿਸ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋਈ। ਪਿਛਲੇ ਹਫ਼ਤੇ ਜਲੰਧਰ ’ਚ ਵਿਧਾਇਕ ਸ਼ੀਤਲ ਅੰਗੁਰਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਦੀ ਹਾਜ਼ਰੀ ’ਚ ਕੁਝ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਭਾਸ਼ਾਂ ਦੀ ਵਰਤੋ ਕੀਤੀ ਤਾਂ ਮੁਲਾਜ਼ਮ ਵਰਗ ਖਫ਼ਾ ਹੋ ਗਿਆ ਤੇ ਮੁਲਾਜ਼ਮ ਯੂਨੀਅਨ ਨੇ ਹਡ਼ਤਾਲ ਕਰਨ ਦੀ ਧਮਕੀ ਦੇ ਦਿੱਤੀ। ਮੁਲਾਜ਼ਮਾਂ ਦੀ ਧਮਕੀ ਤੋਂ ਘਬਰਾਈ ਸਰਕਾਰ ਬੈਕਫੁੱਟ ’ਤੇ ਆ ਗਈ। ਵਿਧਾਇਕ ਨੂੰ ਮੁਲਾਜ਼ਮਾਂ ਤੋਂ ਮਾਫ਼ੀ ਮੰਗਕੇ ਆਪਣਾ ਸਪੱਸ਼ਟੀਕਰਨ ਦੇਣਾ ਪਿਆ ਤਾਂ ਮਾਮਲਾ ਸ਼ਾਂਤ ਹੋਇਆ। ਇਸ ਘਟਨਾ ਨਾਲ ਸਰਕਾਰ ਦੀ ਸੋਸ਼ਲ ਮੀਡੀਆ ’ਚ ਕਾਫ਼ੀ ਕਿਰਕਰੀ ਹੋਈ। ਅੰਮ੍ਰਿਤਸਰ ਵਿਖੇ ‘ਆਪ’ ਦੇ ਵਿਧਾਇਕਾਂ, ਵਲੰਟੀਅਰਜ਼ ਵਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਵਲੰਟੀਅਰਜ਼ ਨੇ ਸਰਕਟ ਹਾਊਸ ’ਚ ਜਾਣ ਲਈ ਸੁਰੱਖਿਆ ਗਾਰਡ ਨਾਲ ਗਾਲੀ ਗਲੋਚ ਕਰਨ ਦੀ ਵੀਡੀਓ ਵਾਇਰਲ ਹੋ ਗਈ। ਇਸੇ ਤਰ੍ਹਾਂ ਨਾਭਾ ਦੇ ਵਿਧਾਇਕ ਵਲੋਂ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਰੱਖਣ ਲਈ ਵਲੰਟੀਅਰਜ਼ ਨੂੰ ਵਿਭਾਗਾਂ ਦੀ ਜ਼ਿੰਮੇਵਾਰੀ ਦੇਣ ਨਾਲ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਸਰਕਾਰ ਦੇ ਸਾਢੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ਵਿਧਾਇਕਾਂ ਦੀਆਂ ਕਾਰਵਾਈਆਂ ਸਰਕਾਰ ਲਈ ਭਾਰੀ ਪਈਆਂ ਹਨ।