ਦੱਖਣੀ ਸਰੀ ਐਥਲੈਟਿਕ ਪਾਰਕ ’ਚ ਦੁਪਹਿਰ ਸਮੇਂ ਹੋਈ ਫਾਇਰਿੰਗ ’ਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲੀਸ ਇਸ ਮਾਮਲੇ ’ਚ ਗਵਾਹਾਂ ਦੀ ਭਾਲ ਕਰ ਰਹੀ ਹੈ। ਆਰ.ਸੀ.ਐੱਮ.ਪੀ. ਨੇ ਦੁਪਹਿਰ 2:45 ਵਜੇ ਦੇ ਕਰੀਬ ਸਰੀ ’ਚ 20 ਐਵੇਨਿਊ ਦੇ 14600-ਬਲਾਕ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਜਿੱਥੇ ਉਨ੍ਹਾਂ ਨੂੰ ਤਿੰਨ ਆਦਮੀ ਮਿਲੇ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਐਮਰਜੈਂਸੀ ਸਿਹਤ ਸੇਵਾਵਾਂ ਦੇ ਮੌਕੇ ’ਤੇ ਪਹੁੰਚਣ ਤੱਕ ਅਧਿਕਾਰੀਆਂ ਨੇ ਜੀਵਨ ਬਚਾਉਣ ਦੇ ਉਪਾਅ ਪ੍ਰਦਾਨ ਕੀਤੇ। ਇਨ੍ਹਾਂ ’ਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਹੋਰ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਹੋਈ ਜਦਕਿ ਤੀਜਾ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋਣ ਕਾਰਨ ਇਸ ਸਮੇਂ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲੀਸ ਨੇ ਫਾਇਰਿੰਗ ਤੋਂ ਫੌਰੀ ਬਾਅਦ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਅਤੇ ਆਈ.ਐੱਸ.ਆਈ.ਟੀ. ਨੂੰ ਬੁਲਾਇਆ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਫਾਇਰਿੰਗ ਦਾ ਮੈਟਰੋ ਵੈਨਕੂਵਰ ਗੈਂਗ ਨਾਲ ਕੋਈ ਸਬੰਧ ਹੈ ਜਾਂ ਇਹ ਕੋਈ ਵੱਖਰੀ ਘਟਨਾ ਹੈ। ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।