ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਕਾਲੇ ਝੰਡੇ ਦਿਖਾਏ ਗਏ। ਅਜਿਹਾ ਆਮ ਤੌਰ ’ਤੇ ਬੇਅਦਬੀ ਵੇਲੇ ਅਕਾਲੀ-ਭਾਜਪਾ ਸਰਕਾਰ ਮੌਕੇ ਹੁੰਦਾ ਸੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਮੌਕੇ ਵੀ ਇਹ ਬਰਤਾਰਾ ਨਿਰੰਤਰ ਜਾਰੀ ਰਿਹਾ। ਅਜਿਹਾ ਪੰਜਾਬ ਦੇ ਮਾਲਵਾ, ਮਾਝਾ ਤੇ ਦੋਆਬਾ ਹਰ ਖਿੱਤੇ ’ਚ ਹੋਇਆ। ਤਾਜ਼ਾ ਮਾਮਲਾ ਸੋਮਵਾਰ ਨੂੰ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਹੈ ਜਿਥੇ ਹਡ਼੍ਹਾਂ ਵਰਗੇ ਹਾਲਾਤ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਦਿਖਾਏ ਗਏ। ਉਨ੍ਹਾਂ ਅੱਜ ਪਿੰਡ ਗੱਦਾ ਡੋਬ, ਬੱਲੂਆਣਾ ਅਤੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੀ ਬਲੂਆਣਾ ਇਕਾਈ ਵੱਲੋਂ ਪਿੰਡ ਗੱਦਾ ਡੋਬ ਵਿਖੇ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਵਿਖਾਏ ਗਏ। ਕਾਲੇ ਝੰਡੇ ਵਿਖਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਹਲਕਾ ਲੰਬੀ ’ਚ ਕੱਢੇ ਗਏ ਸੇਮ ਨਾਲਿਆਂ ਦਾ ਪਾਣੀ ਛੱਡ ਕੇ ਹਲਕਾ ਬੱਲੂਆਣਾ ਦੇ ਪਿੰਡਾਂ ਨੂੰ ਟਪਾਇਆ ਜਾ ਰਿਹਾ। ਦੂਜੇ ਪਾਸੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਹੈ ਪਰ ਉਹ ਕੰਮ ਕਰਨ ਦੀ ਥਾਂ ਘਟੀਆ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ‘ਆਪ’ ਵਰਕਰਾਂ ਨੂੰ ਕਿਹਾ ਕਿ ਸਵਾਲ ਸਰਕਾਰ ਨੂੰ ਕੀਤੇ ਜਾਂਦੇ ਹਨ ਨਾ ਕਿ ਵਿਰੋਧੀਆਂ ਨੂੰ। ਜੇਕਰ ਪਹਿਲੀਆਂ ਸਰਕਾਰਾਂ ਨੇ ਕੁਝ ਵੀ ਗਲਤ ਕੀਤਾ ਹੈ ਤਾਂ ‘ਆਪ’ ਸਰਕਾਰ ਜਾਂਚ ਕਰਵਾਏ ਤੇ ਕਾਰਵਾਈ ਕਰੇ।