ਇੰਡੀਆ ਅਤੇ ਵੈਸਟ ਇੰਡੀਜ਼ ਵਿਚਾਲੇ ਸੇਂਟ ਕਿਟਸ ’ਚ ਖੇਡੇ ਗਏ ਦੂਸਰੇ ਟੀ-20 ਮੈਚ ’ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਇੰਡੀਆ ਇਹ ਮੈਚ 5 ਵਿਕਟਾਂ ਨਾਲ ਹਾਰ ਗਿਆ ਅਤੇ ਵੈਸਟ ਇੰਡੀਜ਼ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਟੀਮ ਇੰਡੀਆ ਇਸ ਮੈਚ ’ਚ ਸਿਰਫ 138 ਦੌਡ਼ਾਂ ਹੀ ਬਣਾ ਸਕੀ, ਜਿਸ ਦੇ ਜਵਾਬ ’ਚ ਵੈਸਟ ਇੰਡੀਜ਼ ਨੇ ਆਖਰੀ ਓਵਰ ’ਚ ਮੈਚ ਜਿੱਤ ਲਿਆ। ਵੈਸਟਇੰਡੀਜ਼ ਨੂੰ ਆਖਰੀ ਓਵਰ ’ਚ 10 ਦੌਡ਼ਾਂ ਦੀ ਲੋਡ਼ ਸੀ ਜਦੋਂ ਇੰਡੀਆ ਲਈ ਆਵੇਸ਼ ਖਾਨ ਨੇ ਗੇਂਦਬਾਜ਼ੀ ਕੀਤੀ। ਆਵੇਸ਼ ਤੋਂ ਇਥੇ ਗਲਤੀ ਹੋ ਗਈ ਅਤੇ ਪਹਿਲੀ ਹੀ ਗੇਂਦ ਨੋ ਬਾਲ ਚਲੀ ਗਈ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੇ ਬੱਲੇਬਾਜ਼ ਡੇਵੋਨ ਥਾਮਸ ਨੇ ਫ੍ਰੀ-ਹਿੱਟ ’ਤੇ ਛੱਕਾ ਲਗਾਇਆ, ਅਗਲੀ ਹੀ ਗੇਂਦ ’ਤੇ ਚੌਕਾ ਲਗਾ ਦਿੱਤਾ ਤੇ ਇੰਡੀਆ ਮੈਚ ਹਾਰ ਗਿਆ। ਆਵੇਸ਼ ਦੀ ਇਹ ਇਕੋ ਗਲਤੀ ਇੰਡੀਆ ਨੂੰ ਬਹੁਤ ਮਹਿੰਗੀ ਪਈ।