ਆਸਟਰੇਲੀਆ ਦੀ ਤੈਰਾਕ ਐਮਾ ਮੈੱਕਾਨ ਨੇ ਮਹਿਲਾਵਾਂ ਦੇ 50 ਮੀਟਰ ਫਰੀ ਸਟਾਈਲ ’ਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉਹ ਕਾਮਨਵੈਲਥ ਗੇਮਜ਼ ਦੀ ਸਭ ਤੋਂ ਕਾਮਯਾਬ ਖਿਡਾਰੀ ਬਣ ਗਈ ਹੈ। ਮੈੱਕਾਨ ਨੇ ਗਲਾਸਗੋ ਤੇ ਗੋਲਡ ਕੋਸਟ ਦੀ ਆਪਣੀ ਕਾਮਯਾਬੀ ਨੂੰ ਅੱਗੇ ਵਧਾਉਂਦਿਆਂ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਕੁੱਲ 11ਵਾਂ ਸੋਨ ਤਗ਼ਮਾ ਜਿੱਤਿਆ ਜੋ ਨਵਾਂ ਰਿਕਾਰਡ ਹੈ। ਇਸ 28 ਸਾਲਾ ਖਿਡਾਰੀ ਨੇ ਬਰਮਿੰਘਮ ਖੇਡਾਂ ’ਚ ਇਹ ਤੀਜਾ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ 4 ਗੁਣਾਂ 100 ਮੀਟਰ ਫਰੀ ਸਟਾਈਲ ਤੇ 4 ਗੁਣਾਂ 100 ਮੀਟਰ ਮਿਕਸਡ ਰਿਲੇਅ ’ਚ ਵੀ ਸੋਨ ਤਗ਼ਮਾ ਜਿੱਤਿਆ ਸੀ। ਮੈੱਕਾਨ ਦੀ ਅਗਵਾਈ ਹੇਠ ਆਸਟਰੇਲੀਆ ਨੇ ਮਹਿਲਾਵਾਂ ਦੀ 50 ਮੀਟਰ ਫਰੀ ਸਟਾਈਲ ’ਚ ਤਿੰਨੋ ਤਗ਼ਮੇ ਜਿੱਤੇ। ਮੈੱਕਾਨ ਨੇ 23.99 ਸਕਿੰਟ ’ਚ ਦੂਰੀ ਤੈਅ ਕੀਤੀ। ਉਸ ਦੀਆਂ ਸਾਥਣਾਂ ਮੈਗ ਹੈਰਿਸ ਨੇ ਚਾਂਦੀ ਤੇ ਸ਼ਾਇਨਾ ਜੈਕ ਨੇ ਕਾਂਸੀ ਤਗ਼ਮਾ ਹਾਸਲ ਕੀਤਾ। ਮੈੱਕਾਨ ਦੇ ਮਾਤਾ-ਪਿਤਾ ਵੀ ਸਾਬਕਾ ਕੌਮਾਂਤਰੀ ਤੈਰਾਕ ਹਨ। ਉਨ੍ਹਾਂ ਇਥੇ ਆਪਣੀ ਧੀ ਨੂੰ ਇਤਿਹਾਸ ਰਚਦੇ ਦੇਖਿਆ। ਪੰਜ ਵਾਰ ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਵਾਲੀ ਮੈੱਕਾਨ ਨੇ ਆਪਣੇ ਸਾਥੀ ਆਸਟਰੇਲੀਅਨ ਤੈਰਾਕਾਂ ਇਯਾਨ ਥੋਰਪ, ਸੂਜ਼ੀ ਓਨੀਨ ਅਤੇ ਲੀਸੇਲ ਜੌਨਸ ਦੇ ਕਾਮਨਵੈਲਥ ਗੇਮਜ਼ ’ਚ ਜਿੱਤੇ ਗਏ ਸਭ ਤੋਂ ਵੱਧ ਸੋਨ ਤਗ਼ਮਿਆਂ ਦੇ ਰਿਕਾਰਡ ਨੂੰ ਪਛਾਡ਼ ਦਿੱਤਾ ਹੈ।