ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਪੂਲ-ਬੀ ਮੈਚ ’ਚ ਇਕਪਾਸਡ਼ ਅੰਦਾਜ਼ ’ਚ ਕੈਨੇਡਾ ਨੂੰ ਹਰਾ ਦਿੱਤਾ। ਇੰਡੀਆ ਨੇ ਕੈਨੇਡਾ ਨੂੰ 8-0 ਨਾਲ ਹਰਾ ਕੇ ਪੂਲ ਸਟੇਜ ’ਚ ਆਪਣੀ ਦੂਜੀ ਜਿੱਤ ਦਰਜ ਕੀਤੀ। ਪਿਛਲੇ ਮੈਚ ’ਚ ਇੰਗਲੈਂਡ ਨੇ ਇੰਡੀਆ ਤੋਂ ਜਿੱਤ ਖੋਹ ਲਈ ਸੀ ਤੇ ਮੁਕਾਬਲੇ ਨੂੰ 4-4 ਨਾਲ ਡਰਾਅ ’ਤੇ ਖਤਮ ਕੀਤਾ ਸੀ ਪਰ ਹੁਣ ਇੰਡੀਆ ਕੈਨੇਡਾ ’ਤੇ ਪੂਰੀ ਤਰ੍ਹਾਂ ਨਾਲ ਹਾਵੀ ਰਿਹਾ ਤੇ ਉਸ ਨੇ ਕੈਨੇਡਾ ਨੂੰ ਇਕ ਵੀ ਗੋਲ ਨਹੀਂ ਕਰਨ ਦਿੱਤਾ। ਇੰਡੀਆ ਲਈ ਹਰਮਨਪ੍ਰੀਤ ਸਿੰਘ ਤੇ ਆਕਾਸ਼ਦੀਪ ਨੇ 2-2 ਗੋਲ ਕੀਤੇ ਜਦਕਿ ਅਮਿਤ ਰੋਹਿਦਾਸ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਨੇ 1-1 ਗੋਲ ਕੀਤਾ। ਇੰਡੀਆ ਇਸ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਨਜ਼ਰ ਆਇਆ। ਮੈਚ ਦੇ ਸੱਤਵੇਂ ਮਿੰਟ ’ਚ ਉਪ ਕਪਤਾਨ ਹਰਮਨਪ੍ਰੀਤ ਨੇ ਇਕ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਦਿੱਤਾ। ਇਸ ਦੇ ਕੁਝ ਦੇਰ ਬਾਅਦ ਹੀ ਅਮਿਤ ਨੇ ਗੇਂਦ ਨੂੰ ਇੰਡੀਆ ਦੇ ਅੱਧ ਤੋਂ ਲਿਆਉਂਦੇ ਹੋਏ ਨੈੱਟ ਤੱਕ ਪਹੁੰਚਾਇਆ ਅਤੇ ਇੰਡੀਆ ਦੀ ਬਡ਼੍ਹਤ ਨੂੰ 2-0 ਕੀਤਾ। ਦੂਜੇ ਕੁਆਰਟਰ ਦੇ 6ਵੇਂ ਮਿੰਟ ’ਚ ਮੈਚ ਨੂੰ ਕੈਨੇਡਾ ਦੀ ਪਕਡ਼ ਤੋਂ ਦੂਰ ਲਿਜਾਂਦੇ ਹੋਏ ਲਲਿਤ ਨੇ ਸ਼ਾਨਦਾਰ ਭਿੰਨਤਾਵਾਂ ਨਾਲ ਇਕ ਗੋਲ ਕੀਤਾ। ਮੈਚ ਦੇ ਅੰਤਿਮ ਪੰਜ ਮਿੰਟਾਂ ’ਚ ਹਰਮਨਪ੍ਰੀਤ, ਮਨਦੀਪ ਅਤੇ ਆਕਾਸ਼ਦੀਪ ਨੇ ਇਕ-ਇਕ ਗੋਲ ਹੋਰ ਕਰਦੇ ਹੋਏ ਇੰਡੀਆ ਦੀ ਜਿੱਤ ਨੂੰ ਚਾਰ ਚੰਨ ਲਾਏ।