ਮਸਤੂਆਣਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ਰੱਖਿਆ। 25 ਏਕਡ਼ ’ਚ ਬਣਨ ਵਾਲੇ ਇਸ ਮੈਡੀਕਲ ਇੰਸਟੀਚਿਊਟ ’ਤੇ ਤਕਰੀਬਨ 345 ਕਰੋਡ਼ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡੀਕਲ ਇੰਸਟੀਚਿਊਟ ਪੰਜਾਬ ਖ਼ਾਸ ਤੌਰ ’ਤੇ ਮਾਲਵਾ ਖਿੱਤੇ ’ਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੱਵਲ ਦਰਜੇ ਦੇ ਇਸ ਕਾਲਜ ’ਚ ਅਪ੍ਰੈਲ 2023 ਤੋਂ ਜਮਾਤਾਂ ਸ਼ੁਰੂ ਹੋ ਜਾਣਗੀਆਂ। ਕਾਲਜ ’ਚ 75 ਦੇ ਕਰੀਬ ਵਿਦਿਆਰਥੀ ਦਾਖ਼ਲਾ ਲੈ ਸਕਣਗੇ, ਜਿਸ ’ਚੋਂ ਕੁਝ ਸੀਟਾਂ ਇਲਾਕੇ ਦੇ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ’ਚ ਅਕਾਦਮਿਕ ਬਲਾਕ ਤੋਂ ਇਲਾਵਾ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗਰੇਡ ਕਰ ਕੇ 360 ਬਿਸਤਰਿਆਂ ਵਾਲਾ ਕਰਨ, ਨਰਸਿੰਗ ਸਕੂਲ ਦਾ ਨਿਰਮਾਣ, ਸੀਨੀਅਰ, ਜੂਨੀਅਰ ਲਡ਼ਕਿਆਂ ਤੇ ਲਡ਼ਕੀਆਂ ਦੇ ਵੱਖਰੇ ਹੋਸਟਲ, ਵਿਦਿਆਰਥੀਆਂ ਲਈ ਖੇਡ ਟਰੈਕ ਤੇ ਪੈਵੇਲੀਅਨ, ਸਹਾਇਕ ਗਤੀਵਿਧੀਆਂ ਲਈ ਓਪਨ ਏਅਰ ਥੀਏਟਰ, ਸਟਾਫ ਲਈ ਰਿਹਾਇਸ਼ ਤੇ ਸ਼ਾਪਿੰਗ ਕੰਪਲੈਕਸ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਸਰਕਾਰ ਨੂੰ ਜ਼ਮੀਨ ਦੇਣ ਲਈ ਗੁਰਦੁਆਰਾ ਮਸਤੂਆਣਾ ਸਾਹਿਬ ਟਰੱਸਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੈਨਸ਼ਨਾਂ ਦੀ ਅਦਾਇਗੀ ਲਾਭਪਾਤਰੀਆਂ ਨੂੰ ਸਿੱਧੀ ਉਨ੍ਹਾਂ ਦੇ ਘਰਾਂ ’ਚ ਹੋਵੇਗੀ। ਇਸੇ ਤਰ੍ਹਾਂ ਆਟਾ-ਦਾਲ ਵੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਗੁਰਦੁਆਰਾ ਗੁਰਸਾਗਰ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਨਤਮਸਤਕ ਹੋਏ। ਉਪਰੰਤ ਧੂਰੀ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜੰਗਲਾਤ ਵਿਭਾਗ ਵੱਲੋਂ ਵਣ ਮਹਾਉਤਸਵ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਮਨੁੱਖ ਦੀ ਸਿਹਤ ਅਤੇ ਵਾਤਾਵਰਨ ਲਈ ਮਾਰੂ ਦੱਸਦਿਆਂ ਕਿਹਾ ਕਿ ਇਸ ਦੀ ਵਰਤੋਂ ’ਤੇ ਰੋਕ ਲਗਾਉਣਾ ਮਨੁੱਖਤਾ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ’ਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਹਰ ਜ਼ਿਲ੍ਹੇ ’ਚ ਇਕ ਮੈਡੀਕਲ ਕਾਲਜ ਹੋਵੇਗਾ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਪਡ਼੍ਹਾਈ ਕਰਨ ਲਈ ਯੂਕਰੇਨ ਵਰਗੇ ਮੁਲਕਾਂ ’ਚ ਨਾ ਜਾਣਾ ਪਵੇ।