ਆਰ.ਟੀ.ਆਈ. ਕਾਰਕੁਨ ਮਾਨਿਕ ਵੱਲੋਂ ਹਾਸਲ ਕੀਤੀ ਸੂਚਨਾ ‘ਚ ਖੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸਰਕਾਰ ਬਣਨ ਤੋਂ ਪਹਿਲਾਂ ਤਿਰੰਗਾ ਯਾਤਰਾ ਕੱਢੀ ਸੀ ਅਤੇ ਉਸ ਦੀ ਲੱਖਾਂ ਰੁਪਏ ਦੀ ਅਦਾਇਗੀ ਸਰਕਾਰੀ ਖਜ਼ਾਨੇ ‘ਚੋਂ ਕੀਤੀ ਗਈ ਹੈ। ਇਹ ਜਾਣਕਾਰੀ ਸਾਹਮਣੇ ਆਉਣ ਨਾਲ ਹੁਣ ਮਾਮਲਾ ਭਖ਼ ਗਿਆ ਹੈ। ਯਾਦ ਰਹੇ ਕਿ ‘ਆਪ’ ਨੇ ਪੰਜਾਬ ਚੋਣਾਂ ਜਿੱਤਣ ਦੀ ਖੁਸ਼ੀ ‘ਚ 13 ਮਾਰਚ ਨੂੰ ਇਹ ਵਿਜੇ ਯਾਤਰਾ ਕੱਢੀ ਸੀ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਾਰਚ ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ 13 ਮਾਰਚ ਨੂੰ ਵਿਜੇ ਯਾਤਰਾ ਕੱਢੀ ਗਈ ਸੀ, ਜਿਸ ‘ਤੇ ਖਰਚ ਕੀਤੇ ਗਏ 14.63 ਲੱਖ ਰੁਪਏ ਦੀ ਅਦਾਇਗੀ ਆਮ ਆਦਮੀ ਪਾਰਟੀ ਨੇ ਆਪਣੇ ਖਾਤੇ ‘ਚੋਂ ਕਰਨ ਦੀ ਬਜਾਏ ਸਰਕਾਰੀ ਖਾਤੇ ‘ਚੋਂ ਕੀਤੀ ਹੈ। ਬਾਜਵਾ ਨੇ ਕਿਹਾ ਕਿ ਆਰ.ਟੀ.ਆਈ. ਰਾਹੀਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਚੋਣਾਂ ‘ਚ ਹੋਈ ਆਪਣੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਣ ਲਈ 13 ਮਾਰਚ 2022 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਵਿਜੇ ਯਾਤਰਾ ਕੱਢੀ ਸੀ, ਉਸ ਦੌਰਾਨ ਪਾਰਟੀ ਆਗੂਆਂ ਨੂੰ ਪੰਜ ਤਾਰਾ ਹੋਟਲਾਂ ‘ਚ ਠਹਿਰਾਉਣ ਅਤੇ ਰਸਤਿਆਂ ਦੀ ਸਜਾਵਟ ਕਰਨ, ਦਿੱਲੀ ਲੀਡਰਸ਼ਿਪ ਨੂੰ ਸੋਨੇ ਦੀਆਂ ਤਲਵਾਰਾਂ ਅਤੇ ਫੁਲਕਾਰੀਆਂ ਕਰਨ ਵਰਗੇ ਖਰਚਿਆਂ ‘ਤੇ 14.63 ਲੱਖ ਰੁਪਏ ਖਰਚ ਹੋਏ ਸਨ। ਬਾਜਵਾ ਨੇ ਕਿਹਾ ਕਿ ਪੰਜਾਬ ਭਰ ‘ਚੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਸਰਕਾਰੀ ਬੱਸਾਂ ਦੀ ਕੀਤੀ ਗਈ ਵਰਤੋਂ ਦਾ ਖਰਚਾ ਅਜੇ ਵੱਖਰਾ ਹੈ, ਜਿਸ ਬਾਰੇ ਇਹ ਸਰਕਾਰ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੀ। ਬਾਜਵਾ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਇਸ ਗੱਲ ਦਾ ਜੁਆਬ ਦੇਣ ਕਿ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਪਾਰਟੀ ਦੀ ਵਿਜੇ ਯਾਤਰਾ ਦੇ ਨਾਂ ‘ਤੇ ਕੀਤੇ ਗਏ ਪ੍ਰਦਰਸ਼ਨ ਦੇ ਬਿੱਲ ਸਰਕਾਰੀ ਖਾਤੇ ‘ਚੋਂ ਕਰਵਾ ਕੇ ਇਹ ਪਾਰਟੀ ਕਿਸ ਮੂੰਹ ਨਾਲ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਹਮੇਸ਼ਾ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟਾਲਰੈਂਸ ਦਾ ਦਾਅਵਾ ਕਰਦੀ ਹੈ, ਉਸ ਦੀ ਸਰਕਾਰ ਵੱਲੋਂ ਆਪਣੀ ਸੰਵਿਧਾਨਿਕ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਦੇ ਖਜ਼ਾਨੇ ਦੀ ਕੀਤੀ ਗਈ ਖੁੱਲ੍ਹੀ ਲੁੱਟ ਨੇ ਇਸ ਪਾਰਟੀ ਦਾ ਅਸਲ ਚਿਹਰਾ ਜਗ-ਜ਼ਾਹਿਰ ਕਰ ਦਿੱਤਾ ਹੈ।