ਦੇਸ਼ ਦੀ ਵੰਡ ਵੇਲੇ 1947 ‘ਚ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ‘ਚ ਇਸ ਵਾਰ 16 ਅਗਸਤ ਨੂੰ ਅਕਾਲ ਤਖ਼ਤ ‘ਤੇ ਸਮਾਗਮ ਹੋਵੇਗਾ ਅਤੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਅਕਾਲ ਤਖ਼ਤ ਸਾਹਿਬ ਵਿਖੇ 14 ਅਗਸਤ ਨੂੰ ਅਖੰਡ ਪਾਠ ਰੱਖੇ ਜਾਣਗੇ। ਦੇਸ਼ ਵੰਡ ਤੋਂ ਬਾਅਦ 75 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਯਾਦ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਸੰਦੇਸ਼ ‘ਚ ਉਨ੍ਹਾਂ ਨੇ ਵੰਡ ਵੇਲੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਮੌਕੇ ਅਕਾਲ ਤਖ਼ਤ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੰਡ ਵੇਲੇ ਦੇ ਪੀੜਤ ਹਿੰਦੂ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ‘ਚ ਆਪਣੇ ਧਰਮ ਅਸਥਾਨਾਂ ‘ਤੇ ਵਿਛੜੀਆਂ ਰੂਹਾਂ ਨਮਿਤ ਪ੍ਰਾਰਥਨਾ ਕਰਨ।
ਇਸ ਤੋਂ ਪਹਿਲਾਂ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇਕ ਪਾਸੇ ਰੱਖ ਕੇ ਪੰਥ ਦੇ ਭਲੇ ਅਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਸਾਲ 1922 ‘ਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਵਿਖੇ ਮੁੱਖ ਸਮਾਗਮ ਕੀਤਾ ਗਿਆ।
ਜਥੇਦਾਰ ਹਰਪ੍ਰੀਤ ਸਿੰਘ ਨੇ ਮੰਚ ‘ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਵੱਲ ਸੰਕੇਤ ਕਰਦਿਆਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਆਪਣਾ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨਸੀਹਤ ਦਿੱਤੀ ਕਿ ਉਹ ਸਿਰਫ ਸੱਤਾ ਪ੍ਰਾਪਤੀ ਆਪਣਾ ਨਿਸ਼ਾਨਾ ਨਾ ਰੱਖਣ ਸਗੋਂ ਇਸ ਨਿਸ਼ਾਨੇ ਨੂੰ ਤਿਆਗ ਕੇ ਗੁਰੂ ਗ੍ਰੰਥ ਤੇ ਪੰਥ ਦਾ ਝੰਡਾ ਚੁੱਕਣ। ਉਹ ਉਨ੍ਹਾਂ ਨੂੰ ਚੋਣਾਂ ਲੜਨ ਤੋਂ ਨਹੀਂ ਰੋਕ ਰਹੇ ਪਰ ਅਕਾਲੀਆਂ ਦਾ ਮੁੱਖ ਮੰਤਵ ਸਰਕਾਰ ਬਣਾਉਣਾ ਨਾ ਹੋ ਕੇ ਗੁਰਧਾਮਾਂ ਦੀ ਸੇਵਾ, ਪੰਥ ਦਾ ਪ੍ਰਚਾਰ ਤੇ ਕੌਮ ਨੂੰ ਗੁਰੂ ਘਰ ਦੇ ਨਾਲ ਜੋੜਨਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਗਰਮ ਧਰਮ ਪ੍ਰਚਾਰ ਲਹਿਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੰਗਤ ਨੂੰ ਵੀ ਸਿੱਖੀ ਪ੍ਰਚਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਚਾ ਗੁਰੂ ਕਾ ਬਾਗ ‘ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਲਗਾਏ ਗਏ ਮੋਰਚੇ ਸਿੱਖ ਪੰਥ ਦੀ ਸ਼ਕਤੀ ਦਾ ਸੋਮਾ ਹਨ। ਇਸ ਮੌਕੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਦੇ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਪੁਸਤਕ ਲੋਕ ਅਰਪਣ ਕੀਤੀ ਗਈ।
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ‘ਚ ਅਕਾਲ ਤਖ਼ਤ ਸਾਹਿਬ ‘ਤੇ ਹੋਵੇਗਾ ਸਮਾਗਮ
Related Posts
Add A Comment