ਡਰੱਗ ਮਾਮਲੇ ‘ਚ ਪਿਛਲੇ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਚੰਨੀ ਸਰਕਾਰ ਵੱਲੋਂ ਡਰੱਗਜ਼ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਉਹ ਅਧੀਨ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਸਨ। ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਇਸ ਕੇਸ ਕਾਰਨ ਮਜੀਠੀਆ ਨੂੰ ਮਹੀਨਾ ਭਰ ਰੂਪੋਸ਼ ਵੀ ਰਹਿਣਾ ਪਿਆ। ਪ੍ਰੰਤੂ ਫਿਰ ਉਨ੍ਹਾਂ ਹਾਈ ਕੋਰਟ ‘ਚ ਪਹੁੰਚ ਕੀਤੀ ਕਿ ਉਨ੍ਹਾਂ ਨੂੰ ਵਿਧਾਨ ਸਭਾ ਦੀ ਚੋਣਾਂ ਤੱਕ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਉਹ ਖੁਦ ਚੋਣ ਲੜ ਰਹੇ ਹਨ। ਇਸ ਤਰ੍ਹਾਂ ਹਾਈ ਕੋਰਟ ਤੋਂ ਇਸ ਸ਼ਰਤ ਦੇ ਆਧਾਰ ‘ਤੇ ਜ਼ਮਾਨਤ ਮਿਲ ਗਈ ਸੀ ਕਿ ਚੋਣਾਂ ਤੋਂ ਮਗਰੋਂ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਹੋਵੇਗਾ। ਜਿਸ ਤਹਿਤ ਚੋਣਾਂ ਤੋਂ ਬਾਅਦ ਮਜੀਠੀਆ ਨੇ 24 ਫਰਵਰੀ 2022 ਨੂੰ ਮੁਹਾਲੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ‘ਚ ਭੇਜ ਦਿੱਤਾ ਸੀ ਇਸ ਤਰ੍ਹਾਂ ਉਹ ਸਾਢੇ ਪੰਜ ਮਹੀਨਿਆਂ ਤੋਂ ਇਸ ਜੇਲ੍ਹ ‘ਚ ਬੰਦ ਹਨ। ਇਹ ਵੀ ਦੱਸਣਯੋਗ ਹੈ ਕਿ ਮਜੀਠੀਆ ਨੂੰ ਭਾਵੇਂ ਕਿ ਚੋਣਾਂ ਦਾ ਨਤੀਜਾ ਆਉਣ ਤੋਂ ਪਹਿਲਾਂ ਤੱਕ ਐੱਮ.ਪੀ. ਅਹਾਤੇ ‘ਚ ਰੱਖਿਆ ਗਿਆ ਪ੍ਰੰਤੂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਉਨ੍ਹਾਂ ਨੂੰ ਜੌੜਾ ਚੱਕੀਆਂ ਦੇ ਨਾਮ ਨਾਲ ਜਾਣੇ ਜਾਂਦੇ ਬਹੁਤ ਹੀ ਛੋਟੇ ਸੈੱਲ ‘ਚ ਬੰਦ ਕਰ ਦਿੱਤਾ ਗਿਆ। ਇਸ ਦਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਈ ਵਾਰ ਵਿਰੋਧ ਵੀ ਕਰ ਚੁੱਕੇ ਹਨ। ਯਾਦ ਰਹੇ ਕਿ ਚੌਵੀ ਫਰਵਰੀ ਨੂੰ ਜੇਲ੍ਹ ‘ਚ ਆਉਣ ਤੋਂ ਦੋ ਹਫ਼ਤਿਆਂ ਮਗਰੋਂ ਸਿਰਫ਼ ਇਕ ਵਾਰ ਹੀ ਮਜੀਠੀਆ ਨੂੰ ਮੁਹਾਲੀ ਸਥਿਤ ਅਦਾਲਤ ‘ਚ ਨਿਜੀ ਤੌਰ ‘ਤੇ ਪੇਸ਼ੀ ਲਈ ਲਿਜਾਇਆ ਗਿਆ ਸੀ। ਪਰ ਇਸ ਮਗਰੋਂ ਉਨ੍ਹਾਂ ਦੀਆਂ ਸਾਰੀਆਂ ਅਦਾਲਤੀ ਪੇਸ਼ੀਆਂ ਜੇਲ੍ਹ ਵਿੱਚੋਂ ਹੀ ਵੀਡੀਓ ਕਾਨਫਰੰਸਿੰਗ ਸਿਸਟਮ ਜ਼ਰੀਏ ਭੁਗਤਾਈਆਂ ਜਾਣ ਲੱਗੀਆਂ। ਉਂਜ ਸਾਢੇ ਪੰਜ ਮਹੀਨਿਆਂ ਦੀ ਇਸ ਜੇਲ੍ਹ ਯਾਤਰਾ ਦੌਰਾਨ ਮਜੀਠੀਆ ਕਦੇ ਵੀ ਕਿਸੇ ਵਿਵਾਦ ‘ਚ ਨਹੀਂ ਉਲਝੇ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਸਿਹਤ ਸੰਬੰਧੀ ਸਮੱਸਿਆ ਨੂੰ ਲੈ ਕੇ ਹੀ ਹਸਪਤਾਲ ਆਉਣ ਦੀ ਨੌਬਤ ਆਈ। ਅੱਜ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।