29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਢਾਈ ਮਹੀਨੇ ਬੀਤ ਜਾਣ ਮਗਰੋਂ ਵੀ ਛੇਵਾਂ ਸ਼ੂਟਰ ਦੀਪਕ ਉਰਫ ਮੁੰਡੀ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ। ਵਿਸ਼ੇਸ਼ ਜਾਂਚ ਟੀਮ ਛੇਵੇਂ ਸ਼ੂਟਰ ਦਾ ਪਤਾ ਲਾਉਣ ‘ਚ ਅਸਫਲ ਰਹੀ ਹੈ। ਪੰਜਾਬ ਪੁਲੀਸ ਵੱਲੋਂ ਛੇਵੇਂ ਸ਼ਾਰਪਸ਼ੂਟਰ ਨੂੰ ਕਾਬੂ ਕਰਨ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਛਾਪੇ ਮਾਰਨ ਲਈ ਵਿਸ਼ੇਸ਼ ਟੀਮਾਂ ਭੇਜੀਆਂ ਗਈਆਂ ਸਨ ਪਰ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਪੁਲੀਸ ਅਨੁਸਾਰ ਇਸ ਕਤਲ ਮਾਮਲੇ ‘ਚ ਛੇ ਸ਼ੂਟਰਾਂ ਦੀ ਸ਼ਨਾਖਤ ਹੋ ਗਈ ਹੈ ਅਤੇ ਉਹ ਸਿੱਧੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਹਨ। ਇਨ੍ਹਾਂ ਸ਼ਾਰਪਸ਼ੂਟਰਾਂ ‘ਚੋਂ ਹਰਿਆਣਾ ਦੇ ਪ੍ਰਿਆਵਰਤ ਉਰਫ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਅੰਕਿਤ ਸਿਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ, ਜਦੋਂਕਿ ਮੰਨੂ ਅਤੇ ਰੂਪਾ ਪੰਜਾਬ ਤੋਂ ਹਨ। ਦਿੱਲੀ ਪੁਲੀਸ ਨੇ ਪ੍ਰਿਆਵਰਤ, ਅੰਕਿਤ ਅਤੇ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਸੀ ਹਾਲਾਂਕਿ 20 ਜੁਲਾਈ ਨੂੰ ਇੰਡੀਆ-ਪਾਕਿਸਤਾਨ ਸਰਹੱਦ ਨੇੜੇ ਇਕ ਖਾਲੀ ਪਈ ਇਮਾਰਤ ‘ਚ ਗੋਲੀਬਾਰੀ ਤੋਂ ਬਾਅਦ ਪੰਜਾਬ ਪੁਲੀਸ ਨੇ ਮੰਨੂ ਅਤੇ ਰੂਪਾ ਨੂੰ ਮਾਰ ਦਿੱਤਾ ਸੀ ਜਦਕਿ ਛੇਵਾਂ ਸ਼ੂਟਰ ਮੁੰਡੀ ਹਾਲੇ ਵੀ ਫਰਾਰ ਹੈ। ਇਸ ਤੋਂ ਇਲਾਵਾ ਕਤਲ ਅਤੇ ਗੋਲੀਕਾਂਡ ਦੇ ਮਾਸਟਰਮਾਈਂਡ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਤੋਂ ਲਗਾਤਾਰ ਪੁੱਛਗਿੱਛ ਦੇ ਬਾਵਜੂਦ ਪੰਜਾਬ ਪੁਲੀਸ ਦੀਪਕ ਮੁੰਡੀ ਬਾਰੇ ਕੋਈ ਨਵਾਂ ਸੁਰਾਗ ਹਾਸਲ ਕਰਨ ‘ਚ ਨਾਕਾਮ ਰਹੀ ਹੈ।