ਭਾਰਤੀ ਪੁਰਸ਼ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ‘ਚ ਚਾਰ ਕਾਂਸੀ ਦੇ ਤਗ਼ਮੇ ਜਿੱਤ ਕੇ ਇੰਡੀਆ ਦਾ ਲੋਹਾ ਮਨਵਾਇਆ। ਅਭਿਸ਼ੇਕ ਢਾਕਾ ਨੇ 57 ਕਿਲੋਗ੍ਰਾਮ ‘ਚ ਕਜ਼ਾਕਿਸਤਾਨ ਦੇ ਮੇਰ ਬਜ਼ਾਰਬਾਯੇਵ ਤੋਂ ਕੁਆਰਟਰ ਫਾਈਨਲ ‘ਚ ਹਾਰਨ ਤੋਂ ਬਾਅਦ ਰੇਪੇਚੇਜ ਦੀ ਰੁਕਾਵਟ ਨੂੰ ਪਾਰ ਕਰਦੇ ਹੋਏ ਕਾਂਸੀ ਦਾ ਤਗ਼ਮਾ ਜਿੱਤਿਆ। ਢਾਕਾ ਨੇ ਰੇਪੇਚੇਜ ਬਾਊਟ ‘ਚ ਯੂਨਾਨ ਦੇ ਆਂਦਰੇਅਸ ਪਾਰੋਸੀਡਿਸ ਨੂੰ ਤਕਨੀਕੀ ਉੱਤਮਤਾ ਦੇ ਆਧਾਰ ‘ਤੇ 12-2 ਨਾਲ ਹਰਾਇਆ, ਜਦਕਿ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ‘ਚ ਉਨ੍ਹਾਂ ਨੇ ਯੂਕਰੇਨ ਦੇ ਹੇਓਰੀ ਕਜ਼ਾਨਜ਼ੀ ਨੂੰ 8-5 ਨਾਲ ਹਰਾਇਆ। ਪਿਛਲੇ ਮਹੀਨੇ ਟਿਊਨੀਸ਼ੀਆ ‘ਚ ਸੀਨੀਅਰ ਜ਼ੋਹੈਰ ਸ਼ਘਾਇਰ ਰੈਂਕਿੰਗ ਸੀਰੀਜ਼ ‘ਚ ਸੋਨ ਤਗ਼ਮਾ ਜਿੱਤਣ ਵਾਲੇ ਸੁਜੀਤ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ‘ਚ ਯੂਕਰੇਨ ਦੇ ਮਾਯਕਿਤਾ ਜੁਬਲ ਨੂੰ ਤਕਨੀਕੀ ਉੱਤਮਤਾ ਦੇ ਆਧਾਰ ‘ਤੇ 12-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੇ ਕੁਆਰਟਰ ਫਾਈਨਲ ਤੱਕ ਆਪਣੇ ਤਿੰਨੇ ਮੈਚ ਬਿਨਾਂ ਕੋਈ ਅੰਕ ਗੁਆਏ ਜਿੱਤੇ ਪਰ ਸੈਮੀਫਾਈਨਲ ‘ਚ ਅਜ਼ਰਬਾਈਜਾਨ ਦੇ ਜ਼ੀਰਾਦੀਨ ਬੇਰਾਮੋਵ ਤੋਂ 6-2 ਨਾਲ ਹਾਰ ਗਏ। 70 ਕਿਲੋ ਵਰਗ ਦੇ ਸੈਮੀਫਾਈਨਲ ‘ਚ ਮੁਲਾਇਮ ਯਾਦਵ ਨੂੰ ਅਜ਼ਰਬਾਈਜਾਨ ਦੇ ਕਾਨਨ ਹੇਬਾਤੋਵ ਤੋਂ 5-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ‘ਚ ਉਨ੍ਹਾਂ ਨੇ ਤਕਨੀਕੀ ਉੱਤਮਤਾ ਦੇ ਆਧਾਰ ‘ਤੇ ਗਿਗੀ ਕੁਰਖੁਲੀ ਜਾਰਜੀਆ ਨੂੰ ਹਰਾਇਆ। ਨਾਲ ਹੀ ਨੀਰਜ ਨੇ 97 ਕਿਲੋਗ੍ਰਾਮ ‘ਚ ਜਾਰਜੀਆ ਦੇ ਲੁਕਾ ਖੁਚੁਆ ਨੂੰ 18-10 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਦੀਪਕ (79 ਕਿਲੋਗ੍ਰਾਮ) ਅਤੇ ਜੁਆਇੰਟੀ ਕੁਮਾਰ (85 ਕਿਲੋਗ੍ਰਾਮ) ਕੁਆਲੀਫਿਕੇਸ਼ਨ ਰਾਊਂਡ ‘ਚ ਬਾਹਰ ਹੋ ਗਏ ਜਦਕਿ ਆਕਾਸ਼ (92 ਕਿਲੋਗ੍ਰਾਮ) ਰਾਊਂਡ ਆਫ-16 ‘ਚ ਹਾਰ ਗਏ।