ਪੰਜਾਬ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਥਾਣੇਦਾਰ ਦਿਲਬਾਗ ਸਿੰਘ ਦੀ ਗੱਡੀ ‘ਚ ਆਈ.ਈ.ਡੀ. ਬੰਬ ਲਗਾਉਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਗੈਂਗ ਨਾਲ ਸਬੰਧ ਰੱਖਦੇ ਹਨ। ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਤਿਹਵੀਰ ਸਿੰਘ ਤੇ ਹਰਪਾਲ ਸਿੰਘ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਮੁਲਜ਼ਮ ਹਰਪਾਲ ਸਿੰਘ ਖੁਦ ਪੰਜਾਬ ਪੁਲੀਸ ‘ਚ ਨੌਕਰੀ ਕਰਦਾ ਹੈ ਤੇ ਉਹ ਪਿਛਲੇ ਕੁਝ ਸਾਲਾਂ ਤੋਂ ਵਕੀਲ ਸੰਦੀਪ ਗੋਰਸੀ ਦੀ ਸੁਰੱਖਿਆ ‘ਚ ਗੰਨਮੈਨ ਵਜੋਂ ਤਾਇਨਾਤ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ। ਪਤਾ ਲੱਗਾ ਹੈ ਕਿ ਇਹ ਮਾਮਲਾ ਹਾਈ-ਫਾਈ ਹੋਣ ਕਾਰਨ ਦੋਵੇਂ ਮੁਲਜ਼ਮ ਪੁਲੀਸ ਦੀ ਪਕੜ ਤੋਂ ਬੱਚਣ ਲਈ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬੰਬ ਰੱਖਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ। ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਸਭਰਾਏ ਕਲਾਂ ਦੇ ਵਸਨੀਕ ਹਨ। ਏ.ਡੀ.ਜੀ.ਪੀ. ਢੋਕੇ ਨੇ ਸਵੇਰੇ ਹੀ ਇਕ ਕਾਨਫਰੰਸ ਦੌਰਾਨ ਮੋਬਾਈਲ ਫੋਨ ਮਿਲਣ ਦੀ ਸੂਚਨਾ ਦਿੱਤੀ ਸੀ। ਫੋਰੈਂਸਿਕ ਜਾਂਚ ਦੌਰਾਨ ਉਕਤ ਮੋਬਾਈਲ ਫੋਨ ਰਾਹੀਂ ਪੁਲੀਸ ਨੂੰ ਕਈ ਅਜਿਹੇ ਲੀਡ ਅਤੇ ਇਨਪੁਟ ਮਿਲੇ, ਜਿਸ ਕਾਰਨ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ‘ਚ ਆ ਗਏ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟੀਮ ਨੇ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਉਥੋਂ ਦੀ ਕ੍ਰਾਈਮ ਬ੍ਰਾਂਚ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਫਿਲਹਾਲ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਸਟੇਟ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ‘ਚ ਰੱਖਿਆ ਹੋਇਆ ਹੈ, ਜਿਨ੍ਹਾਂ ਕੋਲੋਂ ਰਾਤ ਭਰ ਪੁੱਛਗਿੱਛ ਕੀਤੀ ਜਾਵੇਗੀ।