ਇਸਲਾਮਿਕ ਅੱਤਵਾਦੀਆਂ ਨੇ ਸੋਮਾਲੀਆ ਦੀ ਰਾਜਧਾਨੀ ਦੇ ਇਕ ਹੋਟਲ ‘ਤੇ ਹਮਲਾ ਕਰ ਦਿੱਤਾ ਅਤੇ ਸੁਰੱਖਿਆ ਬਲਾਂ ਨਾਲ ਇਕ ਘੰਟਾ ਚੱਲੇ ਮੁਕਾਬਲੇ ‘ਚ ਲਗਪਗ 20 ਜਣਿਆਂ ਦੀ ਹੋ ਗਈ। ਸ਼ੁੱਕਰਵਾਰ ਰਾਤ ਨੂੰ ਹੋਏ ਇਸ ਹਮਲੇ ‘ਚ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਤੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੋਗਾਦਿਸ਼ੂ ਦੇ ਪ੍ਰਸਿੱਧ ਹਯਾਤ ਹੋਟਲ ‘ਚ ਹੋਏ ਹਮਲੇ ਦੌਰਾਨ ਸੁਰੱਖਿਆ ਬਲਾਂ ਨੇ ਬੱਚਿਆਂ ਸਣੇ ਕਈ ਜਣਿਆਂ ਨੂੰ ਉਥੋਂ ਕੱਢਿਆ। ਅੱਤਵਾਦੀ ਜਥੇਬੰਦੀ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵੇਰਵਿਆਂ ਮੁਤਾਬਕ ਮੋਗਾਦਿਸ਼ੂ ਦੇ ਹੋਟਲ ‘ਚ ਬੰਦੂਕਧਾਰੀਆਂ ਨੇ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਬਾਹਰ ਧਮਾਕੇ ਕੀਤੇ। ਸ਼ਨੀਵਾਰ ਤੜਕੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਅਲ-ਸ਼ਬਾਬ ਉਨ੍ਹਾਂ ਥਾਵਾਂ ‘ਤੇ ਅਕਸਰ ਹਮਲੇ ਕਰਦਾ ਹੈ ਜਿੱਥੇ ਸਰਕਾਰੀ ਅਧਿਕਾਰੀ ਜਾਂਦੇ ਹਨ। ਹਾਲਾਂਕਿ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਕ ਚਸ਼ਮਦੀਦ ਅਬਦੁੱਲਾਹੀ ਹੁਸੈਨ ਨੇ ਕਿਹਾ, ‘ਅਸੀਂ ਹੋਟਲ ਦੀ ਲਾਬੀ ਦੇ ਕੋਲ ਚਾਹ ਪੀ ਰਹੇ ਸੀ ਜਦੋਂ ਅਸੀਂ ਪਹਿਲਾਂ ਧਮਾਕੇ ਅਤੇ ਫਿਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੈਂ ਤੁਰੰਤ ਹੇਠਲੀ ਮੰਜ਼ਿਲ ‘ਤੇ ਹੋਟਲ ਦੇ ਕਮਰੇ ਵੱਲ ਭੱਜਿਆ ਅਤੇ ਦਰਵਾਜ਼ਾ ਬੰਦ ਕਰ ਲਿਆ। ਅੱਤਵਾਦੀ ਪੌੜੀਆਂ ਤੋਂ ਸਿੱਧਾ ਉੱਪਰ ਚੜ੍ਹ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੇ ਆਉਣ ਤੱਕ ਮੈਂ ਕਮਰੇ ‘ਚ ਹੀ ਰਿਹਾ ਅਤੇ ਉਨ੍ਹਾਂ ਨੇ ਮੈਨੂੰ ਬਚਾਇਆ।’