ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਮਾਨਸਾ ਜ਼ਿਲ੍ਹਾ ਦੇ ਪਿੰਡ ਮੂਸਾ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਸਮੇਂ ਮਜੀਠੀਆ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਟੌਤੀ ਤੋਂ ਇਲਾਵਾ ਜਿਨ੍ਹਾਂ ਨੇ ਇਸ ਬਾਬਤ ਜਾਣਕਾਰੀ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਉਨ੍ਹਾਂ ਦੀ ਸ਼ਨਾਖਤ ਜਤਨਕ ਕਰਕੇ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਇਕ ਹੋਣਹਾਰ ਕਲਾਕਾਰ ਸਦਾ ਦੀ ਨੀਂਦ ਸੌਂ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਸੁਰੱਖਿਆ ‘ਚ ਕਟੌਤੀ ਕਰਨ ਅਤੇ ਕਟੌਤੀ ਦਾ ਪ੍ਰਚਾਰ ਕਰਨ ਵਾਲਿਆਂ ਉੱਪਰ ਕਾਰਵਾਈ ਹੋਵੇ। ਇਹ ਬੜਾ ਦੁਖਦਾਈ ਹਾਦਸਾ ਸੀ ਕਿਉਂਕਿ ਜਿਸ ਨੇ ਬਹੁਤ ਛੋਟੀ ਉਮਰ ‘ਚ ਪੰਜਾਬ ਦਾ ਨਾਂ ਦੁਨੀਆਂ ਭਰ ‘ਚ ਰੌਸ਼ਨ ਕੀਤਾ ਹੋਵੇ, ਉਸ ਦਾ ਦਿਨ ਦਿਹਾੜੇ ਕਤਲ ਹੋ ਜਾਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘ਇਸ ਘਟਨਾ ਦੇ ਵਕਤ ਮੈਂ ਅਤੇ ਬਲਵੰਤ ਸਿੰਘ ਰਾਜੋਆਣਾ ਜੇਲ੍ਹ ‘ਚ ਇਕੱਠੇ ਹੀ ਸੀ ਅਤੇ ਅੱਜ ਮੈਂ ਆਪਣੇ ਅਤੇ ਬਲਵੰਤ ਰਾਜੋਆਣਾ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਹਾਂ ਕਿਉਂਕਿ ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗਾਣੇ ‘ਚ ਵੀ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਹੋਇਆ ਸੀ।’ ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਲੜਾਈ ‘ਚ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਸੁਰੱਖਿਆ ‘ਚ ਕਟੌਤੀ ਕਰਨ ਅਤੇ ਕਟੌਤੀ ਦਾ ਪ੍ਰਚਾਰ ਕਰਨ ਵਾਲਿਆਂ ਤੇ ਕਾਰਵਾਈ ਦੀ ਗੱਲ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੱਲ੍ਹ ਹਾਈ ਕੋਰਟ ਦਾ ਹੁਕਮ ਆਇਆ ਹੈ ਕਿ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਨੂੰ ਇਹ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਹਾਈ ਕੋਰਟ ਨੇ ਸੁਰੱਖਿਆ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਸਿੱਧੂ ਮੂਸੇਵਾਲਾ ਨੂੰ ਕੌਣ ਵਾਪਸ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਗੁਪਤ ਦਸਤਾਵੇਜ਼ ਕਿਸ ਨੇ ਜਨਤਕ ਕੀਤੇ ਕਿਉਂਕਿ ਇਹ ਸਾਰੀ ਜਾਣਕਾਰੀ ‘ਆਪ’ ਦੀ ਵੈੱਬਸਾਈਟ ਉੱਪਰ ਸਾਂਝੀ ਕੀਤੀ ਗਈ ਸੀ। 28 ਮਈ ਨੂੰ ਸੁਰੱਖਿਆ ਵਾਪਸ ਲਈ ਗਈ ਅਤੇ 29 ਮਈ ਨੂੰ ਵਾਰਦਾਤ ਹੋ ਗਈ।