ਡੁਬਈ ‘ਚ ਹੋ ਰਹੇ ਏਸ਼ੀਆ ਕੱਪ ਟੂਰਨਾਮੈਂਟ ਦੇ ਉਦਘਾਟਨੀ ਮੈਚ ‘ਚ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਫਜ਼ਲਹੱਕ ਫਾਰੂਕੀ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਰਹਿਮਾਨਉੱਲ੍ਹਾ ਗੁਰਬਾਜ਼ ਤੇ ਹਜ਼ਰਤਉੱਲ੍ਹਾ ਜਜ਼ਈ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਅਫਗਾਨਿਸਤਾਨ ਨੇ ਇਹ ਜਿੱਤ ਦਰਜ ਕੀਤੀ। ਅਫਗਾਨਿਸਤਾਨ ਨੇ ਸ਼੍ਰੀਲੰਕਾ ਦੀ ਪਾਰੀ ਨੂੰ 19.4 ਓਵਰਾਂ ‘ਚ 105 ਦੌੜਾਂ ‘ਤੇ ਸਮੇਟਣ ਤੋਂ ਬਾਅਦ ਸਿਰਫ 10.1 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਅਫਗਾਨਿਸਤਾਨ ਨੇ 59 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ, ਜਿਹੜੀ ਬਚੀਆਂ ਹੋਈਆਂ ਗੇਂਦਾਂ ਦੇ ਹਿਸਾਬ ਨਾਲ ਉਸਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਵਿਕਟਕੀਪਰ ਗੁਰਬਾਜ਼ ਨੇ 3 ਚੌਕੇ ਤੇ 4 ਛੱਕੇ ਲਾਉਂਦੇ ਹੋਏ 18 ਗੇਂਦਾਂ ਦੀ ਪਾਰੀ ‘ਚ 40 ਦੌੜਾਂ ਬਣਾਈਆਂ। ਉਸ ਨੂੰ ਵਾਨਿੰਦੂ ਹਸਰੰਗਾ (19 ਦੌੜਾਂ ‘ਤੇ 1 ਵਿਕਟ) ਨੇ ਬੋਲਡ ਕੀਤੀ। ਗੁਰਬਾਜ਼ ਨੇ ਜਜ਼ਈ ਦੇ ਨਾਲ ਪਹਿਲੀ ਵਿਕਟ ਲਈ 6.1 ਓਵਰਾਂ ਵਿਚ 83 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਜਜ਼ਈ ਨੇ 28 ਗੇਂਦਾਂ ਦੀ ਅਜੇਤੂ ਪਾਰੀ ਵਿਚ 37 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਤੇ 1 ਛੱਕਾ ਲਾਇਆ। ਸ਼੍ਰੀਲੰਕਾ ਲਈ ਭਾਨੁਕਾ ਰਾਜਪਕਸ਼ੇ ਨੇ 38 ਤੇ ਚਮਿਕਾ ਕਰੁਣਾਰਤਨੇ ਨੇ 31 ਦੌੜਾਂ ਦਾ ਯੋਗਦਾਨ ਦਿੱਤਾ।