ਜੈਵਲਿਨ ਥ੍ਰੋਅ ਅਥਲੀਟ ਅਤੇ ਟੋਕੀਓ ਓਲੰਪਿਕਸ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਓਲੰਪਿਕ ਮਿਊਜ਼ੀਅਮ ਨੂੰ ਆਪਣੀ ਟੋਕੀਓ 2020 ਦਾ ਜੈਵਲਿਨ ਭੇਟ ਕੀਤਾ। ਇਸ ਮੌਕੇ ਇੰਡੀਆ ਦੇ ਪਹਿਲੇ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੀ ਮੌਜੂਦ ਸਨ। ਨੀਰਜ ਓਲੰਪਿਕ ਗੋਲਡ ਜਿੱਤਣ ਵਾਲੇ ਦੂਜੇ ਭਾਰਤੀ ਹਨ। ਇਸ ਤੋਂ ਪਹਿਲਾਂ ਬਿੰਦਰਾ ਨੇ ਬੀਜਿੰਗ 2008 ‘ਚ ਗੋਲਡ ਜੇਤੂ ਰਾਈਫਲ ਓਲੰਪਿਕ ਮਿਊਜ਼ੀਅਮ ਨੂੰ ਤੋਹਫੇ ‘ਚ ਦਿੱਤੀ ਸੀ ਅਤੇ ਹੁਣ ਨੀਰਜ ਦੀ ਜੈਵਲਿਨ ਵੀ ਬਿੰਦਰਾ ਦੀ ਰਾਈਫਲ ਕੋਲ ਪੁੱਜ ਗਈ ਹੈ। ਨੀਰਜ ਨੇ ਆਪਣਾ ਜੈਵਲਿਨ ਮਿਊਜ਼ੀਅਮ ਨੂੰ ਸੌਂਪਦੇ ਹੋਏ ਕਿਹਾ, ‘ਮੈਂ ਇਸ ਮੌਕੇ ਲਈ ਧੰਨਵਾਦੀ ਹਾਂ। ਓਲੰਪਿਕ ਮਿਊਜ਼ੀਅਮ ਦੀ ਆਈਕਾਨਿਕ ਗੈਲਰੀ ਇਕ ਅਜਿਹੀ ਥਾਂ ਹੈ ਜਿੱਥੇ ਓਲੰਪਿਕ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਉਥੇ ਹੋਣਾ ਇਕ ਸਨਮਾਨ ਹੈ। ਦੂਜਿਆਂ ਨੂੰ ਪ੍ਰੇਰਿਤ ਕਰਨਾ ਕਿਸੇ ਵੀ ਐਥਲੀਟ ਲਈ ਮਾਣ ਦਾ ਪਲ ਹੁੰਦਾ ਹੈ।’ ਓਲੰਪਿਕ ਅਜਾਇਬ ਘਰ ਨੂੰ ਦਾਨ ਕੀਤੀਆਂ ਵਸਤੂਆਂ ਆਪਣੇ ਸਮੇਂ ਦੇ ਪ੍ਰਤੀਕ ਬਣ ਜਾਂਦੀਆਂ ਹਨ ਕਿਉਂਕਿ ਉਹ ਆਈ.ਓ.ਸੀ. ਦੀ ਵਿਰਾਸਤ ਪ੍ਰਬੰਧਨ ਟੀਮ ਦੁਆਰਾ ਪ੍ਰਬੰਧਿਤ 120-ਸਾਲ ਦੇ ਸੰਗ੍ਰਹਿ ‘ਚ ਸ਼ਾਮਲ ਹੁੰਦੀਆਂ ਹਨ। ਅਜਾਇਬ ਘਰ ‘ਚ 90,000 ਕਲਾਕ੍ਰਿਤੀਆਂ, 650,000 ਤਸਵੀਰਾਂ, 45,000 ਘੰਟਿਆਂ ਦੀ ਵੀਡੀਓ ਅਤੇ 1।5 ਕਿਲੋਮੀਟਰ ਇਤਿਹਾਸਕ ਆਰਕਾਈਵਜ਼ ਦੀ ਪ੍ਰਾਪਤੀ, ਸੰਭਾਲ, ਅਧਿਐਨ ਅਤੇ ਸਾਂਝਾਕਰਨ ਸ਼ਾਮਲ ਹੈ।