ਸੋਵੀਅਤ ਸੰਘ ਦੇ ਆਖਰੀ ਆਗੂ ਤੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਦਾ 91 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ੀਤ ਯੁੱਧ ਦਾ ਅੰਤ ਕੀਤਾ ਪਰ ਸੋਵੀਅਤ ਸੰਘ ਦੇ ਪਤਨ ਨੂੰ ਰੋਕਣ ‘ਚ ਅਸਫਲ ਰਹੇ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਗੰਭੀਰ ਬੀਮਾਰੀਆਂ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਕੇਂਦਰੀ ਕਲੀਨਿਕਲ ਹਸਪਤਾਲ ਦਾ ਹਵਾਲਾ ਦਿੰਦੇ ਹੋਏ ਮੀਡੀਆ ਰਿਪੋਰਟਾਂ ‘ਚ ਦੱਸਿਆ ਹੈ ਕਿ ਮਿਖਾਇਲ ਸਰਗੇਵਿਚ ਗੋਰਬਾਚੇਵ ਦੀ ਮੰਗਲਵਾਰ ਸ਼ਾਮ ਨੂੰ ਗੰਭੀਰ ਅਤੇ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਮਿਖਾਇਲ ਗੋਰਬਾਚੇਵ ਯੂਨਾਈਟਿਡ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰੀਪਬਲਿਕਸ ਦੇ ਆਖਰੀ ਨੇਤਾ ਸਨ। ਉਹ ਇਕ ਭਾਵੁਕ ਸੋਵੀਅਤ ਨੇਤਾ ਸੀ ਜੋ ਨਾਗਰਿਕਾਂ ਨੂੰ ਆਜ਼ਾਦੀ ਦੇ ਕੇ ਜਮਹੂਰੀ ਸਿਧਾਂਤਾਂ ਦੀ ਤਰਜ਼ ‘ਤੇ ਕਮਿਊਨਿਸਟ ਸ਼ਾਸਨ ‘ਚ ਸੁਧਾਰ ਕਰਨਾ ਚਾਹੁੰਦੇ ਸੀ। ਗੋਰਬਾਚੇਵ ਨੇ ਸਰਕਾਰ ਦੇ ਪਾਰਟੀ ਨਿਯੰਤਰਣ ਨੂੰ ਘਟਾਉਣ ਦੇ ਉਦੇਸ਼ ਨਾਲ ਰੈਡੀਕਲ ਸੁਧਾਰਾਂ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ। ਉਹ ਅਮਰੀਕਾ ਨਾਲ ਪ੍ਰਮਾਣੂ ਨਿਸ਼ਸਤਰੀਕਰਨ ਸਮਝੌਤੇ ਦੀ ਸਫਲਤਾ ਲਈ ਜਾਣੇ ਜਾਂਦੇ ਹਨ, ਜਿਸ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦ ਨਿਊਯਾਰਕ ਟਾਈਮਜ਼ ਦੇ ਅਨੁਸਾਰ ਗੋਰਬਾਚੇਵ ਦੇ ਸੱਤਾ ‘ਚ ਪਹਿਲੇ ਪੰਜ ਸਾਲ ਮਹੱਤਵਪੂਰਨ ਪ੍ਰਾਪਤੀਆਂ ਦੁਆਰਾ ਚਿੰਨ੍ਹਿਤ ਸਨ। ਉਨ੍ਹਾਂ ਅਮਰੀਕਾ ਨਾਲ ਹਥਿਆਰਾਂ ਦੇ ਸੌਦੇ ਦੀ ਪ੍ਰਧਾਨਗੀ ਕੀਤੀ ਜਿਸ ਨੇ ਪਹਿਲੀ ਵਾਰ ਪ੍ਰਮਾਣੂ ਹਥਿਆਰਾਂ ਦੀ ਇਕ ਪੂਰੀ ਸ਼੍ਰੇਣੀ ਨੂੰ ਖਤਮ ਕਰ ਦਿੱਤਾ ਅਤੇ ਪੂਰਬੀ ਯੂਰਪ ਤੋਂ ਜ਼ਿਆਦਾਤਰ ਸੋਵੀਅਤ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਾਪਸੀ ਸ਼ੁਰੂ ਕੀਤੀ।