ਬੀਤੀ ਰਾਤ ਪੱਟੀ ਨੇੜਲੇ ਪਿੰਡ ਠੱਕਰਪੁਰਾ ਸਥਿਤੀ ਚਰਚ ਅੰਦਰ ਦਾਖਲ ਹੋ ਕੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਚਰਚ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਧਾਰਮਿਕ ਬੁੱਤਾਂ ਨੂੰ ਤੋੜ ਦਿੱਤਾ ਗਿਆ ਅਤੇ ਚਰਚ ਦੇ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਘਟਨਾ ਦੇ ਵਿਰੋਧ ਵਜੋਂ ਸਥਾਨਕ ਈਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਚਰਚ ਦੇ ਸਾਹਮਣੇ ਪੱਟੀ ਖੇਮਕਰਨ ਸੜਕ ਦੇ ਰੋਸ ਧਰਨਾ ਲਗਾਇਆ ਗਿਆ। ਬੀਤੀ ਰਾਤ ਘਟਨਾਂ ਤੋਂ ਤੁਰੰਤ ਬਾਅਦ ਪੁਲੀਸ ਸਬਡਵੀਜ਼ਨ ਪੱਟੀ ਦੇ ਅਧਿਕਾਰੀ ਸਤਨਾਮ ਸਿੰਘ ਸੰਧੂ ਤੇ ਥਾਣਾ ਸਦਰ ਦੇ ਮੁਖੀ ਸੁਖਬੀਰ ਸਿੰਘ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੱਸਿਆ ਕਿ ਬੀਤੀ ਅੱਧੀ ਰਾਤ12.45 ਵਜੇ ਕਰੀਬ ਚਾਰ ਅਣਪਛਾਤੇ ਲੋਕਾਂ ਨੇ ਚਰਚ ਅੰਦਰ ਦਾਖਲ ਹੋ ਕੇ ਚਰਚ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਪ੍ਰਭੂ ਯਿਸੂ ਮਸੀਹ ਤੇ ਮਾਤਾ ਮਰੀਅਮ ਦੀ ਮੂਰਤੀ ਦੀ ਭੰਨ ਤੋੜ ਕੀਤੀ ਗਈ ਤੇ ਚਰਚ ਅੰਦਰ ਖੜ੍ਹੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਘਟਨਾ ਵਾਪਰਨ ਦੇ ਵੱਖ ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਮੌਕਾ ਵੇਖਣ ਚਰਚ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਢਿੱਲੋਂ ਤੇ ਚਰਚ ਪ੍ਰਬੰਧਕਾਂ ਵਿਚਕਾਰ ਲੰਮਾ ਸਮਾਂ ਗੱਲਬਾਤ ਹੋਈ ਪਰ ਜਦੋਂ ਐੱਸ.ਐੱਸ.ਪੀ. ਪਾਸੋਂ ਮੀਡੀਆ ਨੇ ਇਸ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਿਨਾਂ ਕੁਝ ਦੱਸੇ ਚਲੇ ਗਏ। ਇਸ ਤੋਂ ਇਲਾਵਾ ਚਰਚ ਠੱਕਰਪੁਰਾ ਦੇ ਪ੍ਰਬੰਧਕਾਂ ਨਾਲ ਵੀ ਮੀਡੀਆ ਨੇ ਇਸ ਮਾਮਲੇ ਤੇ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚਰਚ ਪ੍ਰਬੰਧਕਾਂ ਵੱਲੋ ਵੀ ਕਿਸੇ ਕਿਸਮ ਦੇ ਵੇਰਵੇ ਦੱਸਣ ਤੋਂ ਪਾਸਾ ਵੱਟ ਲਿਆ ਗਿਆ। ਫਿਲਹਾਲ ਇਸ ਘਟਨਾ ਸਬੰਧੀ ਜਾਣਕਾਰੀ ਦੇਣ ਤੋਂ ਪੁਲੀਸ ਤੇ ਚਰਚ ਪ੍ਰਬੰਧਕਾਂ ਨੇ ਚੁੱਪ ਧਾਰੀ ਹੋਈ ਹੈ। ਪਰ ਈਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਧਰਨਾ ਮੁੱਖ ਸੜਕ ‘ਤੇ ਧਰਨ ਦਿੱਤਾ ਗਿਆ ਅਤੇ ਇਨਸਾਫ਼ ਦੀ ਮੰਗ ਕੀਤੀ ਗਈ।