ਕਾਠਮੰਡੂ ਦੇ ਦਸ਼ਰਥ ਸਟੇਡੀਅਮ ‘ਚ ਦੱਖਣੀ ਏਸ਼ੀਆ ਫੁਟਬਾਲ ਫੈਡਰੇਸ਼ਨ ‘ਸੈਫ’ ਮਹਿਲਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਹਈ। ਮੌਜੂਦਾ ਚੈਂਪੀਅਨ ਇੰਡੀਆ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਇਸ ਜਿੱਤ ਦੇ ਨਾਲ ਹੀ ਚੈਂਪੀਅਨਸ਼ਿਪ ‘ਚ ਇੰਡੀਆ ਦਾ ਅਜੇਤੂ ਸਿਲਸਿਲਾ 27ਵੇਂ ਮੈਚ ‘ਚ ਵੀ ਜਾਰੀ ਰਿਹਾ। ਵਿਰੋਧੀ ਕਪਤਾਨ ਮਾਰੀਆ ਜਮੀਲ ਖਾਨ ਦੇ ਆਤਮਘਾਤੀ ਗੋਲ ਦੇ ਬਾਅਦ ਡੇਂਗਮੇਈ ਗ੍ਰੇਸ ਦੇ ਸ਼ਾਨਦਾਰ ਗੋਲ ਨਾਲ ਇੰਡੀਆ ਨੇ ਪਹਿਲਾਂ ਹੀ 2-0 ਦੀ ਬੜ੍ਹਤ ਨਾਲ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਸੀ। ਆਖ਼ਰੀ ਪਲਾਂ ‘ਚ ਸੌਮਿਆ ਗਾਗੁਲੋਥ ਦੇ ਗੋਲ ਨਾਲ ਇੰਡੀਆ ਨੇ ਜਿੱਤ ਦੇ ਅੰਤਰ ਨੂੰ 3-0 ਕਰ ਦਿੱਤਾ। ਭਾਰਤੀ ਟੀਮ ਨੇ ਮੈਚ ‘ਚ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਹੋਇਆ ਸੀ ਪਰ ਟੀਮ ਦੇ ਗੋਲ ਦਾ ਖਾਤਾ ਕਿਸਮਤ ਦੇ ਸਹਾਰੇ ਖੁੱਲ੍ਹਿਆ। ਪਾਕਿਸਤਾਨ ਦੀ ਕਪਤਾਨ ਮਾਰੀਆ ਜਮੀਲ ਖਾਨ ਨੇ 15ਵੇਂ ਮਿੰਟ ‘ਚ ਆਤਮਘਾਤੀ ਗੋਲ ਕਰਕੇ ਆਪਣੀ ਟੀਮ ‘ਤੇ ਦਬਾਅ ਵਧਾਇਆ। ਅੰਜੂ ਨੇ ਕਈ ਖਿਡਾਰੀਆਂ ਵਿੱਚੋਂ ਗੇਂਦ ‘ਤੇ ਕੰਟਰੋਲ ਬਣਾ ਕੇ ਡੇਂਗਮੇਈ ਗ੍ਰੇਸ ਨੂੰ ਦਿੱਤੀ। ਗ੍ਰੇਸ ਦੇ ਆਸ-ਪਾਸ ਕੋਈ ਪਾਕਿਸਤਾਨੀ ਖਿਡਾਰੀ ਨਹੀਂ ਸੀ ਅਤੇ ਉਨ੍ਹਾਂ ਨੇ ਗੋਲਕੀਪਰ ਨੂੰ ਚਕਮਾ ਦੇ ਕੇ ਇੰਡੀਆ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਮੈਚ ਦੇ ਅੰਤਿਮ ਪਲਾਂ ‘ਚ ਰੰਜਨਾ ਦੇ ਕਰਾਸ ਨੂੰ ਸੌਮਿਆ ਨੇ ਗੋਲ ‘ਚ ਬਦਲ ਕੇ ਭਾਰਤੀ ਟੀਮ ਦੀ ਯਾਦਗਾਰ ਜਿੱਤ ਯਕੀਨੀ ਕਰ ਦਿੱਤੀ। ਭਾਰਤੀ ਟੀਮ ਦਾ ਅਗਲਾ ਮੈਚ 10 ਸਤੰਬਰ ਨੂੰ ਮਾਲਦੀਵ ਨਾਲ ਹੋਵੇਗਾ।