ਕ੍ਰੋਏਸ਼ੀਆ ‘ਚ ਸ਼ੁੱਕਰਵਾਰ ਰਾਤ ਨੂੰ ਇਕ ਯਾਤਰੀ ਟਰੇਨ ਅਤੇ ਇਕ ਮਾਲ ਗੱਡੀ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਇਹ ਟੱਕਰ ਕ੍ਰੋਏਸ਼ੀਆ ਅਤੇ ਬੋਸਨੀਆ ਦੀ ਸਰਹੱਦ ਦੇ ਨੇੜੇ ਨੌਵਸਕਾ ਦੇ ਕੋਲ ਰਾਤ ਕਰੀਬ 9.30 ਵਜੇ ਹੋਈ। ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਕਿਹਾ ਟੱਕਰ ਭਿਆਨਕ ਸੀ। ਪਲੇਨਕੋਵਿਕ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਤਿੰਨ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੱਕਰ ਕਿਸ ਕਾਰਨ ਹੋਈ। ਪਲੇਨਕੋਵਿਕ ਨੇ ਦੱਸਿਆ ਕਿ ਯਾਤਰੀ ਟਰੇਨ ਇਕ ਸਥਾਨਕ ਲਾਈਨ ‘ਤੇ ਚੱਲ ਰਹੀ ਸੀ ਅਤੇ ਉਸ ‘ਚ 13 ਲੋਕ ਸਵਾਰ ਸਨ, ਜਦੋਂ ਕਿ ਮਾਲ ਗੱਡੀ ‘ਚ ਸਿਰਫ਼ ਇੰਜਣ ਡਰਾਈਵਰ ਸਵਾਰ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ‘ਚ ਦੂਜੇ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਟਰੇਨਾਂ ਨੂੰ ਪਟੜੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।