ਏਸ਼ੀਆ ਕੱਪ ‘ਚ ਸ਼ੁਰੂ ਤੋਂ ਹੀ ਬਿਹਤਰੀਨ ਖੇਡ ਰਾਹੀਂ ਦਬਦਬਾ ਕਾਇਮ ਕਰਨ ਅਤੇ ਇਸ ਨੂੰ ਲਗਾਤਾਰ ਬਰਕਰਾਰ ਰੱਖਣ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ ਹੈ। ਸ਼੍ਰੀਲੰਕਾ ਲਈ ਕ੍ਰਿਕਟ ਦੇ ਮੈਦਾਨ ‘ਤੇ ਉਸਦੇ 11 ਖਿਡਾਰੀ ਨਾਇਕ ਬਣ ਕੇ ਉੱਭਰੇ ਜਿਨ੍ਹਾਂ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਏਸ਼ੀਆ ਕੱਪ ਜਿੱਤਿਆ ਤੇ ਦੇਸ਼ਵਾਸੀਆਂ ਦੇ ਚਿਹਰਿਆਂ ‘ਤੇ ਮੁਸਕਾਨ ਬਿਖੇਰ ਦਿੱਤੀ। ਇਹ ਜਿੱਤ ਸਿਰਫ ਸ਼੍ਰੀਲੰਕਾ ਦੀ ਕ੍ਰਿਕਟ ਲਈ ਹੀ ਨਹੀਂ ਸਗੋਂ ਇਤਿਹਾਸਕ ਤੇ ਰਾਜਨੀਤਕ ਤੌਰ ‘ਤੇ ਵੀ ਕਾਫੀ ਮਾਇਨੇ ਰੱਖਦੀ ਹੈ। ਇਕ ਸਮੇਂ 5 ਵਿਕਟਾਂ 58 ਦੌੜਾਂ ‘ਤੇ ਗਵਾਉਣ ਤੋਂ ਬਾਅਦ ਭਾਨੁਕਾ ਰਾਜਪਕਸ਼ੈ ਦੀਆਂ 45 ਗੇਂਦਾਂ ‘ਤੇ ਅਜੇਤੂ 71 ਦੌੜਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ 6 ਵਿਕਟਾਂ ‘ਤੇ 170 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 147 ਦੌੜਾਂ ‘ਤੇ ਆਊਟ ਹੋ ਗਈ ਜਦਕਿ ਇਕ ਸਮੇਂ ਉਸ ਦਾ ਸਕੋਰ 1 ਵਿਕਟ ‘ਤੇ 93 ਦੌੜਾਂ ਸੀ। ਤੇਜ਼ ਗੇਂਦਬਾਜ਼ ਪ੍ਰਮੋਦ ਮਧੂਸ਼ਾਨ ਨੇ 4 ਓਵਰਾਂ ‘ਚ 34 ਦੌੜਾਂ ਦੇ ਕੇ 4 ਵਿਕਟਾਂ ਤੇ ਲੈੱਗ ਸਪਿਨਰ ਵਾਨਿੰਦੂ ਹਸਰੰਗਾ ਨੇ 4 ਓਵਰਾਂ ‘ਚ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਸਰੰਗਾ ਨੇ 17ਵੇਂ ਓਵਰ ‘ਚ 3 ਵਿਕਟਾਂ ਲੈ ਕੇ ਪਾਕਿਸਤਾਨ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਇਸ ਤੋਂ ਪਹਿਲਾਂ ਮਧੂਸ਼ਾਨ ਨੇ ਬਾਬਰ ਆਜ਼ਮ (5) ਤੇ ਫਖਰ ਜ਼ਮਾਨ (0) ਨੂੰ ਆਊਟ ਕਰ ਕੇ ਸ਼੍ਰੀਲੰਕਾ ਦਾ ਸ਼ਿਕੰਜਾ ਕੱਸ ਦਿੱਤਾ ਸੀ। ਮੁਹੰਮਦ ਰਿਜ਼ਵਾਨ ਨੇ 49 ਗੇਂਦਾਂ ‘ਤੇ 55 ਦੌੜਾਂ ਬਣਾਈਆਂ ਜਦਕਿ ਇਫਤਿਖਾਰ ਅਹਿਮਦ ਨੇ 31 ਗੇਂਦਾਂ ‘ਤੇ 32 ਦੌੜਾਂ ਜੋੜੀਆਂ। ਸ਼੍ਰੀਲੰਕਾ ਨੇ ਫੀਲਡਿੰਗ ‘ਚ ਵੀ ਜ਼ਬਰਦਸਤ ਮੁਸਤੈਦੀ ਦਿਖਾਉਂਦਿਆਂ ਦੌੜਾਂ ਬਣਾਈਆਂ ਤੇ ਚੰਗੇ ਕੈਚ ਫੜੇ ਜਦਕਿ ਪਾਕਿਸਤਾਨੀ ਫੀਲਡਰਾਂ ਨੇ ਨਿਰਾਸ਼ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਦਿੱਤੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਕੱਢਦੇ ਹੋਏ ਭਾਨੁਕਾ ਰਾਜਪਕਸ਼ੇ ਨੇ ਅਜੇਤੂ 71 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ 6 ਵਿਕਟਾਂ ‘ਤੇ 170 ਦੌੜਾਂ ਤੱਕ ਪਹੁੰਚਾਇਆ ਸੀ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਹੜਾ ਸ਼ੁਰੂਆਤ ‘ਚ ਸਹੀ ਸਾਬਤ ਹੁੰਦਾ ਲੱਗ ਰਿਹਾ ਸੀ ਪਰ ਰਾਜਪਕਸ਼ੇ ਨੇ ਆਖਰੀ 4 ਓਵਰਾਂ ‘ਚ 50 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਨਸੀਮ ਸ਼ਾਹ ਨੇ 4 ਓਵਰਾਂ ‘ਚ 40 ਦੌੜਾਂ ਦੇ ਕੇ 1 ਵਿਕਟ ਲਈ, ਜਦਕਿ ਹੈਰਿਸ ਰਾਓਫ ਨੇ 4 ਓਵਰਾਂ ‘ਚ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੋਵਾਂ ਨੇ ਪਿੱਚ ਤੋਂ ਮਿਲ ਰਹੀ ਮਦਦ ਦਾ ਪੂਰਾ ਫਾਇਦਾ ਚੁੱਕਦੇ ਹੋਏ ਪਾਵਰਪਲੇਅ ‘ਚ ਸ਼੍ਰੀਲੰਕਾਈ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ ਪਰ ਇਸ ਤੋਂ ਬਾਅਦ ਰਾਜਪਕਸ਼ੇ ਨੇ ਸੰਕਟਮੋਚਨ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਕਰੀਅਰ ਦਾ ਬਿਹਤਰੀਨ ਅਰਧ ਸੈਂਕੜਾ ਲਾਇਆ।