ਹੜ੍ਹਾਂ ਕਾਰਨ ਨੁਕਸਾਨੇ ਗਏ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਪਾਕਿਸਤਾਨ ਪੁੱਜੇ ਹੋਏ ਹਨ। ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਨੇ ਇਸਲਾਮਾਬਾਦ ਦੇ ਏਅਰਪੋਰਟ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਰੱਖਿਆ ਤੇ ਗ੍ਰਹਿ ਵਿਭਾਗ ਨਾਲ ਇਸਲਾਮਾਬਾਦ ਵਿਖੇ ਮੀਟਿੰਗ ਕਰਨ ਉਪਰੰਤ ਹਰਜੀਤ ਸਿੰਘ ਸੱਜਣ ਨੇ ਸੂਬਾ ਸਿੰਧ ਬਲੋਚਿਸਤਾਨ ਤੇ ਪੰਜਾਬ ਦੇ ਇਲਾਕਿਆਂ ‘ਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦਾ ਜਾਇਜ਼ਾ ਲਿਆ। ਉਨ੍ਹਾਂ ਕੈਨੇਡਾ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੈਨੇਡੀਅਨ ਮੰਤਰੀ ਸੱਜਣ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ‘ਚ ਆਏ ਭਿਆਨਕ ਹੜ੍ਹਾਂ ਕਾਰਨ ਹਜ਼ਾਰਾਂ ਲੋਕਾਂ ਨੇ ਜਾਨ ਗਵਾਈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ ਜਿਨ੍ਹਾਂ ਦੀ ਸਹਾਇਤਾ ਲਈ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸੇਵਾ ਲਈ ਭੇਜਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਕੈਨੇਡਾ ਸਰਕਾਰ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਜਲਦ ਫ਼ੈਸਲਾ ਲਿਆ ਜਾਵੇਗਾ। ਹੜ੍ਹ ਪੀੜਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਛੇਤੀ ਮੁੜ ਵਸੇਬੇ ਅਤੇ ਪੁਨਰ ਨਿਰਮਾਣ ਦੀ ਆਸ ਪ੍ਰਗਟਾਈ। ਹਿਨਾ ਰੱਬਾਨੀ ਨੇ ਨਾਜ਼ੁਕ ਸਮੇਂ ‘ਤੇ ਸੱਜਣ ਦੀ ਪਾਕਿਸਤਾਨ ਫੇਰੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਨਾਲ ਆਏ ਵਫ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਵਿਸ਼ਾਲ ਪੈਮਾਨੇ ਨੂੰ ਰੇਖਾਂਕਿਤ ਕੀਤਾ ਜਿਸ ਨੇ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਕੀਤੇ ਹਨ, ਨਾਜ਼ੁਕ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਅਤੇ 4 ਮਿਲੀਅਨ ਏਕੜ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਸਮੇਂ ਪਾਕਿਸਤਾਨ ਅਤੇ ਕੈਨੇਡਾ ਦਰਮਿਆਨ ਦੁਵੱਲੇ ਸਬੰਧਾਂ ‘ਤੇ ਵੀ ਚਰਚਾ ਕੀਤੀ ਗਈ ਅਤੇ ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਵਧਦੀ ਡੂੰਘਾਈ ‘ਤੇ ਤਸੱਲੀ ਪ੍ਰਗਟਾਈ। ਰਾਜ ਮੰਤਰੀ ਨੇ ਨੋਟ ਕੀਤਾ ਕਿ ਪਾਕਿਸਤਾਨ ‘ਚ ਕੈਨੇਡਾ ਦੇ ਵਿਕਾਸ ਪ੍ਰੋਜੈਕਟਾਂ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਉਥਾਨ ‘ਚ ਯੋਗਦਾਨ ਪਾਇਆ ਹੈ। ਵਫ਼ਦ ‘ਚ ਕੈਨੇਡੀਅਨ ਪਾਰਲੀਮੈਂਟ ਦੇ ਪਾਕਿਸਤਾਨੀ ਮੂਲ ਦੇ ਤਿੰਨ ਮੈਂਬਰ ਇਕਰਾ ਖਾਲਿਦ, ਸਲਮਾ ਜ਼ਾਹਿਦ ਅਤੇ ਸ਼ਫਕਤ ਅਲੀ ਸ਼ਾਮਲ ਹਨ।