ਆਸਟਰੇਲੀਆ ‘ਚ ਹੋਣ ਜਾ ਰਹੇ ਆਈ.ਸੀ.ਸੀ. ਟੀ-20 ਵਰਲਡ ਕੱਪ 2022 ਲਈ ਪਾਕਿਸਤਾਨ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨੀ ਗਈ ਟੀਮ ‘ਚ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦਾ ਨਾਂ ਸ਼ਾਮਲ ਹੈ ਜੋ ਸੱਟ ਤੋਂ ਉਭਰ ਕੇ ਵਾਪਸ ਪਰਤਿਆ ਹੈ। ਅਫਰੀਦੀ ਸੱਜੇ ਗੋਡੇ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ ਸ਼ਾਹੀਨ ਉਪਲੱਬਧ ਹੈ। ਉਹ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸੰਭਾਲੇਗਾ। ਸ਼ਾਨ ਮਸੂਦ ਨੂੰ ਟੀਮ ‘ਚ ਬੁਲਾਇਆ ਗਿਆ ਹੈ ਜਿਸ ਨੇ ਇਸ ਸਾਲ ਸਿਰਫ ਇਕ ਟੀ-20 ਇੰਟਰਨੈਸ਼ਨਲ ਮੈਚ ਖੇਡਿਆ ਹੈ। ਦਸੰਬਰ 2021 ‘ਚ ਖੇਡਣ ਵਾਲੇ ਹੈਦਰ ਅਲੀ ਨੂੰ ਵੀ ਵਾਪਸ ਬੁਲਾਇਆ ਗਿਆ ਹੈ। ਮਸੂਦ ਨੇ ਇੰਗਲੈਂਡ ‘ਚ ਟੀ-20 ਬਲਾਸਟ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਪੀ.ਸੀ.ਬੀ. ਨੇ ਬੱਲੇਬਾਜ਼ ਫਖਰ ਜ਼ਮਾਨ ਨੂੰ ਰਿਜ਼ਰਵ ‘ਚ ਰੱਖਿਆ ਹੈ। ਇਸ ਦੇ ਨਾਲ ਹੀ ਤਜ਼ਰਬੇਕਾਰ ਸ਼ੋਏਬ ਮਲਿਕ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ। ਹਾਲਾਂਕਿ 21 ਸਾਲਾ ਹੈਦਰ ਨੇ ਪਾਕਿਸਤਾਨ ਲਈ 21 ਟੀ-20 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਉਸ ਨੇ ਆਖਰੀ ਵਾਰ ਦਸੰਬਰ 2021 ‘ਚ ਖੇਡਿਆ ਸੀ। ਉਸ ਨੇ ਤਿੰਨ ਅਰਧ ਸੈਂਕੜੇ ਲਗਾਏ ਹਨ। ਪੀ.ਸੀ.ਬੀ. ਦੇ ਮੁੱਖ ਚੋਣਕਾਰ ਮੁਹੰਮਦ ਵਸੀਮ ਨੇ ਕਿਹਾ, ‘ਸਾਡੇ ਕੋਲ ਇਕ ਟੀਮ ਹੈ ਜੋ ਟੀ-20 ਵਰਲਡ ਕੱਪ 2022 ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀ ਹੈ। ਇਸ ਲਈ ਅਸੀਂ ਲਗਭਗ ਉਨ੍ਹਾਂ ਹੀ ਖਿਡਾਰੀਆਂ ‘ਚ ਵਿਸ਼ਵਾਸ ਅਤੇ ਆਤਮਵਿਸ਼ਵਾਸ ਦਿਖਾਇਆ ਹੈ ਜੋ ਸੰਯੁਕਤ ਅਰਬ ਅਮੀਰਾਤ ‘ਚ 2021 ਵਿਸ਼ਵ ਕੱਪ ਤੋਂ ਬਾਅਦ ਟੀ-20 ਟੀਮ ਦਾ ਹਿੱਸਾ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਨਵੰਬਰ 2021 ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਸੇ ਲਈ ਅਸੀਂ ਆਪਣੇ ਪਿਛਲੇ 13 ਟੀ-20 ਵਿੱਚੋਂ 9 ਜਿੱਤੇ ਹਨ।’ ਟੀਮ ਇਸ ਤਰ੍ਹਾਂ ਹੋਵੇਗੀ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਆਸਿਫ ਅਲੀ, ਹੈਦਰ ਅਲੀ, ਹਾਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਨ ਮਸੂਦ , ਉਸਮਾਨ ਕਾਦਿਰ। ਇਸ ਤੋਂ ਇਲਾਵਾ ਫਖਰ ਜ਼ਮਾਨ, ਮੁਹੰਮਦ ਹੈਰਿਸ, ਸ਼ਾਹਨਵਾਜ਼ ਦਹਾਨੀ ਰਿਜ਼ਰਵ ਰੱਖੇ ਗਏ ਹਨ।