ਇਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਲੜ ਦੀ ਤਿਆਰੀ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਵੰਬਰ ‘ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਖਿੱਚਣ ਦਾ ਯਤਨ ਕਰ ਰਹੇ ਹਨ। ਇਸ ਲਈ ਉਹ ਹਿੰਦੀ ‘ਚ ਨਾਅਰਿਆਂ ਦਾ ਅਭਿਆਸ ਕਰ ਰਹੇ ਹਨ। ‘ਰਿਪਬਲਿਕਨ ਹਿੰਦੂ ਕੋਏਲਿਸ਼ਨ’ ਵੱਲੋਂ ਜਾਰੀ ਇਕ ਵੀਡੀਓ ‘ਚ ਟਰੰਪ ‘ਭਾਰਤ ਤੇ ਅਮਰੀਕਾ ਸਭ ਤੋਂ ਅੱਛੇ ਦੋਸਤ’ ਨਾਅਰੇ ਦਾ ਅਭਿਆਸ ਕਰਦੇ ਹੋਏ ਨਜ਼ਰ ਆ ਰਹੇ ਹਨ। 30 ਸਕਿੰਟ ਦੀ ਵੀਡੀਓ ‘ਚ ਟਰੰਪ ਸ਼ਿਕਾਗੋ ਦੇ ਆਪਣੇ ਸਮਰਥਕ ਕਾਰੋਬਾਰੀ ਸ਼ਲਭ ਕੁਮਾਰ ਨਾਲ ਬੈਠੇ ਹਨ। ਇਹ ਨਵਾਂ ਨਾਅਰਾ ਟਰੰਪ ਦੇ 2016 ਦੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੈ। ਸ਼ਲਭ ਕੁਮਾਰ ਨੇ ਇਹ ਨਾਅਰੇ ਤਿਆਰ ਕਰਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਇਕ ਇੰਟਰਵਿਊ ‘ਚ ਕਿਹਾ ਕਿ ਆਰ.ਐਚ.ਸੀ. ਵੱਲੋਂ ਇਸੇ ਹਫ਼ਤੇ ਸਾਬਕਾ ਰਾਸ਼ਟਰਪਤੀ ਦੇ ਨਾਅਰੇ ਰਿਲੀਜ਼ ਕੀਤੇ ਜਾਣਗੇ। ਮੱਧਕਾਲੀ ਸੈਨੇਟ ਚੋਣਾਂ ਪੈੱਨਸਿਲਵੇਨੀਆ, ਓਹਾਇਓ, ਵਿਸਕੌਂਸਿਨ, ਐਰੀਜ਼ੋਨਾ ਤੇ ਜੌਰਜੀਆ ‘ਚ ਹੋਣਗੀਆਂ। ਇਥੇ ਰਹਿੰਦਾ ਹਿੰਦੂ ਭਾਈਚਾਰਾ ਚੋਣਾਂ ਦਾ ਰੁਖ਼ ਮੋੜਨ ਦੀ ਸਮਰੱਥਾ ਰੱਖਦਾ ਹੈ।