ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰ੍ਹਾਂ ਗ੍ਰਿਫਤ ‘ਚ ਲਿਆ ਹੋਇਆ ਹੈ ਅਤੇ ਹੁਣ ਤਾਂ ਕੁੜੀਆਂ ਵੀ ਵੱਡੀ ਗਿਣਤੀ ‘ਚ ਡਰੱਗ ‘ਚ ਗ੍ਰਸਤ ਹੋਣ ਲੱਗੀਆਂ ਹਨ। ਛੇ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ ‘ਤੇ ਨਸ਼ਿਆਂ ਨੂੰ ਠੱਲ੍ਹ ਨਾ ਪੈਣ ਕਰਕੇ ਭਾਰੀ ਦਬਾਅ ਹੈ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ‘ਤੇ ਪੰਜਾਬ ਭਰ ‘ਚ ਪੁਲੀਸ ਨੇ ਵੱਡੀ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾ ਕੇ ਨਸ਼ੀਲੇ ਪਦਾਰਥ, ਡਰੱਗ ਮਨੀ, ਨਾਜਾਇਜ਼ ਸ਼ਰਾਬ ਤੇ ਹਥਿਆਰ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ ਇਸ ਮੁਹਿੰਮ ਦੌਰਾਨ ਕਈ ਜ਼ਿਲ੍ਹਿਆਂ ‘ਚ ਪੁਲੀਸ ਨੇ ਕਈ ਮਸ਼ਕੂਕ ਵੀ ਹਿਰਾਸਤ ‘ਚ ਲਏ। ਸਰਚ ਆਪਰੇਸ਼ਨ ‘ਕਾਸਕੋ’ ਤਹਿਤ ਪੁਲੀਸ ਨੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਛਾਪੇਮਾਰੀ ਕੀਤੀ ਪਰ ਕਈ ਥਾਈਂ ਪੁਲੀਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਸਾਰੇ 28 ਪੁਲੀਸ ਜ਼ਿਲ੍ਹਿਆਂ ‘ਚ ਵੱਡੇ ਪੱਧਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਮੁਹਿੰਮਾਂ ਚਲਾਉਣ ਦਾ ਉਦੇਸ਼ ਆਮ ਲੋਕਾਂ ‘ਚ ਸੁਰੱਖਿਆ ਅਤੇ ਪੁਲੀਸ ‘ਤੇ ਯਕੀਨ ਕਰਨ ਦੀ ਭਾਵਨਾ ਪੈਦਾ ਕਰਨਾ ਤੇ ਨਸ਼ਿਆਂ ਦੇ ਜ਼ਖੀਰਿਆਂ ਨੂੰ ਜਬਤ ਕਰਨਾ ਹੈ। ਇਹ ਮੁਹਿੰਮ ਸੂਬੇ ਭਰ ‘ਚ ਇੱਕੋ ਸਮੇਂ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਚਲਾਈ ਗਈ ਅਤੇ ਪੁਲੀਸ ਹੈੱਡਕੁਆਰਟਰ ਤੋਂ ਏ.ਡੀ.ਜੀ.ਪੀ./ਆਈ.ਜੀ.ਪੀ. ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲੀਸ ਜ਼ਿਲ੍ਹੇ ‘ਚ ਨਿੱਜੀ ਤੌਰ ‘ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਇਸ ਅਪ੍ਰੇਸ਼ਨ ‘ਚ ਸਬੰਧਤ ਜ਼ਿਲ੍ਹਿਆਂ ਦੇ ਸਾਰੇ ਪੁਲੀਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੇ ਵੱਧ ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ ਕੀਤੇ। ਇਹ ਮੁਹਿੰਮ ਘੱਟੋ-ਘੱਟ 227 ਪਛਾਣ ਕੀਤੇ ਗਏ ਹੌਟਸਪੌਟਸ ‘ਤੇ ਚਲਾਈ ਗਈ। ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ‘ਚ ਇਕ ਕੁੜੀ ਦੀ ਨਸ਼ੇ ਦੀ ਹਾਲਤ ‘ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਸ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਇਹ ਮੁਹਿੰਮ ਏ.ਡੀ.ਜੀ.ਪੀ. ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਚਲਾਈ ਗਈ, ਜਿਸ ‘ਚ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ, ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਤੇ ਪਰਮਿੰਦਰ ਸਿੰਘ ਭੰਡਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਪੁਲੀਸ ਦੀ ਇਹ ਕਾਰਵਾਈ ਲਗਪਗ ਚਾਰ ਘੰਟੇ ਚੱਲੀ। ਇਹ ਮੁਹਿੰਮ ‘ਚ ਲਗਪਗ 450 ਪੁਲੀਸ ਮੁਲਾਜ਼ਮ ਸ਼ਾਮਲ ਸਨ। ਇਸ ਅਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕਰਨ ਕਰਕੇ ਪੁਲੀਸ ਚੌਕੀ ਅਨਾਜ ਮੰਡੀ ਸੁਨਾਮ ‘ਚ ਤਾਇਨਾਤ 11 ਪੁਲੀਸ ਮੁਲਾਜ਼ਮਾਂ ਦਾ ਪੁਲੀਸ ਲਾਈਨ ਅਤੇ ਦੂਰ-ਦਰਾਡੇ ਪੁਲੀਸ ਥਾਣਿਆਂ ‘ਚ ਤਬਾਦਲਾ ਕਰ ਦਿੱਤਾ ਗਿਆ। ਏ.ਐੱਸ.ਆਈ. ਬਲਕਾਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਤਾਲਮੇਲ ਰੱਖਣ, ਨਸ਼ਾ ਤਸਕਰਾਂ ਵਿਰੁੱਧ ਨਰਮ ਰੁਖ਼ ਅਪਣਾਉਣ ਅਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਅਪਰੇਸ਼ਨ ਦੌਰਾਨ ਮੁਖਵਿੰਦਰ ਸਿੰਘ ਛੀਨਾ ਆਈ.ਜੀ. ਪੁਲੀਸ ਰੇਂਜ ਪਟਿਆਲਾ ਵੀ ਸੰਗਰੂਰ ਪੁਲੀਸ ਦੀ ਹੌਸਲਾ ਅਫਜ਼ਾਈ ਕਰਨ ਲਈ ਪੁੱਜੇ ਸਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਇੰਦਰਾ ਬਸਤੀ ਸੁਨਾਮ ‘ਚ ਵਿਸ਼ੇਸ਼ ਸਰਚ ਅਪਰੇਸ਼ਨ ਦੌਰਾਨ 200 ਸ਼ੱਕੀ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਲਗਪਗ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।