ਖਰੜ ਨੇੜਲੇ ਸਥਿਤ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ‘ਚ ਬੀਤੀ ਰਾਤ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਅਤੇ ਦਿਨ ਚੜ੍ਹਦੇ ਤੱਕ ਇਕ ਵਿਦਿਆਰਥਣਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਪੁਲੀਸ ਤੇ ਪ੍ਰਸ਼ਾਸਨ ਨੇ ਇਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵੇਰਵਿਆਂ ਅਨੁਸਾਰ ਯੂਨੀਵਰਸਿਟੀ ਦੇ ਹੋਸਟਲ ‘ਚ ਹੋਰਨਾਂ ਵਿਦਿਆਰਥਣਾਂ ਨਾਲ ਰਹਿੰਦੀ ਇਕ ਹੋਰ ਵਿਦਿਆਰਥਣ ਨੇ ਤੀਹ ਤੋਂ ਚਾਲੀ ਕੁੜੀਆਂ ਦੇ ਨਹਾਉਂਦੇ ਸਮੇਂ ਦੀ ਵੀਡੀਓ ਬਣਾਈ ਸੀ। ਇਸ ਨੂੰ ਅੱਗੇ ਆਪਣੇ ਸ਼ਿਮਲਾ ਰਹਿੰਦੇ ਦੋਸਤ ਨੂੰ ਭੇਜ ਦਿੱਤਾ ਜਿਸ ਨੇ ਇਹ ਵੀਡੀਓ ਵਾਇਰਲ ਕਰ ਦਿੱਤੇ। ਪਤਾ ਲੱਗਣ ‘ਤੇ ਵਿਦਿਆਰਥਣਾਂ ‘ਚ ਰੋਹ ਪੈਦਾ ਹੋ ਗਿਆ ਪੰਜ ਛੇ ਕੁੜੀਆਂ ਨੇ ਤਾਂ ਇਸ ਕਰਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸਾਰੀ ਘਟਨਾ ਬਾਰੇ ਜਿਵੇਂ ਹੀ ਯੂਨੀਵਰਸਿਟੀ ਕੈਂਪਸ ‘ਚ ਪਤਾ ਲੱਗਾ ਤਾਂ ਵਿਦਿਆਰਥੀ ਰਾਤ ਸਮੇਂ ਹੀ ਬਾਹਰ ਆ ਗਏ ਤੇ ਉਨ੍ਹਾਂ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਇਸ ‘ਤੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਯੂਨੀਵਰਸਿਟੀ ਮਾਲਕਾਂ ਤੇ ਪ੍ਰਬੰਧਕ ਕਮੇਟੀ ਨੇ ਪਹਿਲਾਂ ਇਹ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸੋਸ਼ਲ ਮੀਡੀਆ ‘ਚ ਖ਼ਬਰ ਫੈਲ ਜਾਣ ਕਰਕੇ ਮਾਮਲਾ ਦਬਾਇਆ ਨਹੀਂ ਜਾ ਸਕਿਆ। ਯੂਨੀਵਰਸਿਟੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਤਵਾਰ ਨੂੰ ਵੀ ਦੁਪਹਿਰ ਤੱਕ ਹੰਗਾਮਾ ਚੱਲਦਾ ਰਿਹਾ। ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਝ ਲੜਕੀਆਂ ਬੇਹੋਸ਼ ਜ਼ਰੂਰ ਹੋਈਆਂ ਸਨ। ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਵਾਪਸ ਕੈਂਪਸ ਭੇਜ ਦਿੱਤਾ ਗਿਆ। ਘਟਨਾ ਸਬੰਧੀ ਸਾਰੇ ਵੇਰਵੇ ਪੁਲੀਸ ਨੂੰ ਦੇ ਦਿੱਤੇ ਗਏ ਹਨ। ਮੁਹਾਲੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਅਜੇ ਤਾਈਂ ਮੁਲਜ਼ਮ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ ਹੈ। ਫਿਰ ਵੀ ਇਕ ਕੇਂਦਰ ਬਣਾ ਰਹੇ ਹਾਂ, ਜੇਕਰ ਕਿਸੇ ਵੀ ਵਿਦਿਆਰਥੀ ਕੋਲ ਕੋਈ ਸਬੂਤ ਜਾਂ ਸਵਾਲ ਹੈ ਤਾਂ ਉਹ ਇਸ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਪਰ ਇਸ ਨਾਲ ਮਾਮਲਾ ਸ਼ਾਂਤ ਨਹੀਂ ਹੋਇਆ ਤਾਂ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨੀ ਪਈ। ਹੋਸਟਲ ‘ਚ ਰਹਿਣ ਵਾਲੀ ਇਸ ਕੁੜੀ ਨੇ ਬੀਤੀ ਰਾਤ ਹੀ ਆਪਣਾ ਗੁਨਾਹ ਵਾਰਡਨ ਅੱਗੇ ਕਬੂਲ ਕਰ ਲਿਆ ਸੀ। ਉਕਤ ਕੁੜੀ ਸ਼ਿਮਲਾ ਬੈਠੇ ਆਪਣੇ ਦੋਸਤ ਨੂੰ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਭੇਜਦੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਦੇ ਸਬੂਤ ਕਾਲਜ ਪ੍ਰਸ਼ਾਸਨ ਦੇ ਹੱਥ ਲੱਗੇ ਸਨ ਅਤੇ ਕਿਸੇ ਹੋਰ ਨੰਬਰਾਂ ‘ਤੇ ਵੀ ਇਤਰਾਜ਼ਯੋਗ ਵੀਡੀਓਜ਼ ਭੇਜੀਆਂ ਜਾ ਰਹੀਆਂ ਸਨ। ਵੀਡੀਓ ਬਣਾਉਣ ਵਾਲੀ ਕੁੜੀ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯੂਨੀਵਰਸਿਟੀ ‘ਚੋਂ 60 ਕੁੜੀਆਂ ਦੀ ਨਹਾਉਂਦਿਆਂ ਦੀ ਵਾਇਰਲ ਹੋਈ ਇਤਰਾਜ਼ੋਯਗ ਵੀਡੀਓ ਦੇ ਮਾਮਲੇ ਨੂੰ ਬੇਹੱਦ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਇਕ ਕੁੜੀ ਨੇ ਕਈ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕਰ ਕੇ ਵਾਇਰਲ ਕੀਤੇ ਹਨ। ਇਹ ਬੇਹੱਦ ਗੰਭੀਰ ਅਤੇ ਸ਼ਰਮਨਾਕ ਹੈ। ਇਸ ‘ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੀੜਤ ਧੀਆਂ ਹਿੰਮਤ ਰੱਖਣ। ਅਸੀਂ ਸਾਰੇ ਤੁਹਾਡੇ ਨਾਲ ਹਾਂ। ਸਾਰੇ ਸੰਜਮ ਨਾਲ ਕੰਮ ਲੈਣ। ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅਜਿਹਾ ਕਰਕੇ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।