ਲੀਸੈਸਟਰ (ਇੰਗਲੈਂਡ) ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹਿੰਸਕ ਟਕਰਾਅ ਹੋਇਆ ਹੈ। ਵੇਰਵਿਆਂ ਮੁਤਾਬਕ ਇਹ ਟਕਰਾਅ ਪਿਛਲੇ ਮਹੀਨੇ ਦੇ ਅਖੀਰ ‘ਚ ਹੋਏ ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਕਾਰਨ ਹੋਇਆ ਹੈ। ਕੁਝ ਰਿਪੋਰਟਾਂ ਮੁਤਾਬਕ ਇੰਗਲੈਂਡ ਦੇ ਇਸ ਸ਼ਹਿਰ ‘ਚ ਹਿੰਦੂ ਮੰਦਰ ਦੀ ਭੰਨ੍ਹ-ਤੋੜ ਵੀ ਕੀਤੀ ਗਈ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਕਰੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਭਾਈਚਾਰੇ ਖ਼ਿਲਾਫ਼ ਹਿੰਸਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਕ ਬਿਆਨ ‘ਚ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਇਹ ਮੁੱਦਾ ਯੂ.ਕੇ. ਦੀ ਅਥਾਰਿਟੀ ਕੋਲ ਉਠਾਇਆ ਹੈ। ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਸਥਾਨਕ ਪੁਲੀਸ ਨੇ ਦੋ ਭਾਈਚਾਰਿਆਂ ਵਿਚਾਲੇ ਹੋਈ ਹਿੰਸਾ ਨੂੰ ‘ਵਿਵਸਥਾ ਦੀ ਗੰਭੀਰ ਗੜਬੜੀ’ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਏਸ਼ੀਆ ਕੱਪ ‘ਚ ਇੰਡੀਆ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਹੋਇਆ ਸੀ। ਉਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿਚਾਲੇ ਤਣਾਅ ਸੀ। ਲੀਸੈਸਟਰ ਦੀ ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ‘ਚ 27 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੜਬੜੀ ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸ਼ਾਂਤੀ ਬਣਾਏ ਰੱਖਣ ਤੇ ਗੱਲਬਾਤ ਦਾ ਸੱਦਾ ਦਿੱਤਾ ਹੈ। ਘਟਨਾ ਵਾਪਰਨ ਮਗਰੋਂ ਹੋਰਨਾਂ ਥਾਵਾਂ ਤੋਂ ਵੀ ਪੁਲੀਸ ਨੂੰ ਬੁਲਾਇਆ ਗਿਆ ਹੈ।