ਇੰਡੀਆ ਤੇ ਆਸਟਰੇਲੀਆ ‘ਚ ਟੀ-20 ਮੈਚ ਮੁਹਾਲੀ ਦੇ ਕ੍ਰਿਕਟ ਸਟੇਡੀਅਮ ‘ਚ ਹੋਇਆ ਜਿਸ ‘ਚ ਆਸਟਰੇਲੀਆ ਚਾਰ ਵਿਕਟਾਂ ਨਾਲ ਜੇਤੂ ਰਿਹਾ। ਆਸਟਰੇਲੀਆ ਨੇ ਕੈਮਰਨ ਗ੍ਰੀਨ (61) ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮੈਥਿਊ ਵੇਡ (ਅਜੇਤੂ 46) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇਹ ਜਿੱਤ ਦਰਜ ਕੀਤੀ। ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 208 ਦੌੜਾਂ ਬਣਾਈਆਂ ਸਨ ਜਿਸ ਨੂੰ ਆਸਟਰੇਲੀਆ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੈਮਰਨ ਗ੍ਰੀਨ ਨੇ ਆਸਟਰੇਲੀਆ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ। ਵਿਚਾਲੇ ਦੇ ਓਵਰਾਂ ‘ਚ ਗਲੇਨ ਮੈਕਸਵੈੱਲ (1) ਤੇ ਜੋਸ਼ ਇੰਗਲਿਸ (17) ਦੀਆਂ ਵਿਕਟਾਂ ਜਲਦ ਡਿੱਗਣ ਤੋਂ ਬਾਅਦ ਇੰਡੀਆ ਲਈ ਕੁਝ ਉਮੀਦਾਂ ਜਗੀਆਂ ਪਰ ਮੈਥਿਊ ਵੇਡ ਨੇ ਡੈਬਿਊ ਕਰਨ ਵਾਲੇ ਟਿਮ ਡੇਵਿਡ (18) ਦੇ ਨਾਲ ਮਿਲ ਕੇ ਆਸਟਰੇਲੀਆ ਨੂੰ ਜਿੱਤ ਤਕ ਪਹੁੰਚਾ ਦਿੱਤਾ। ਵੇਡ ਨੇ ਆਪਣੀ ਮੈਚ ਜੇਤੂ ਪਾਰੀ ‘ਚ ਸਿਰਫ 21 ਗੇਂਦਾਂ ਖੇਡ ਕੇ 6 ਚੌਕੇ ਤੇ 2 ਛੱਕੇ ਲਾਉਂਦੇ ਹੋਏ ਅਜੇਤੂ 45 ਦੌੜਾਂ ਬਣਾਈਆਂ। 19ਵੇਂ ਓਵਰ ਦੀ ਦੂਜੀ ਗੇਂਦ ‘ਤੇ ਪੈਟ ਕਮਿੰਸ ਨੇ ਚੌਕਾ ਲਾ ਕੇ ਆਸਟਰੇਲੀਆ ਨੂੰ ਜਿੱਤ ਦਿਵਾ ਦਿੱਤੀ। ਆਸਟਰੇਲੀਆ ਨੇ ਟਾਸ ਜਿੱਤ ਕੇ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਤੇ ਰੋਹਿਤ ਸ਼ਰਮਾ (11) ਤੇ ਵਿਰਾਟ ਕੋਹਲੀ (2) ਦੇ ਜਲਦੀ ਆਊਟ ਹੋਣ ਦੇ ਬਾਵਜੂਦ ਇੰਡੀਆ ਨੇ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ ਪਾਵਰਪਲੇਅ ‘ਚ 46 ਦੌੜਾਂ ਜੋੜੀਆਂ। ਰਾਹੁਲ ਨੇ ਸਟ੍ਰਾਈਕ ਰੇਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ 35 ਗੇਂਦਾਂ ‘ਤੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਤੇ ਸੂਰਯਕੁਮਾਰ ਯਾਦਵ ਦੇ ਨਾਲ ਤੀਜੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ ਨੇ ਆਊਟ ਹੋਣ ਤੋਂ ਪਹਿਲਾਂ 25 ਗੇਂਦਾਂ ‘ਤੇ 2 ਚੌਕੇ ਤੇ 4 ਛੱਕੇ ਲਗਾਉਂਦੇ ਹੋਏ 46 ਦੌੜਾਂ ਦੀ ਪਾਰੀ ਖੇਡੀ। ਰਾਹੁਲ (12ਵਾਂ ਓਵਰ) ਤੇ ਸੂਰਯਕੁਮਾਰ (14ਵਾਂ ਓਵਰ) ਦੀ ਵਿਕਟ ਡਿੱਗਣ ਤੋਂ ਬਾਅਦ ਅਕਸ਼ਰ ਪਟੇਲ ਵੀ 16ਵੇਂ ਓਵਰ ‘ਚ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਦਿਨੇਸ਼ ਕਾਰਤਿਕ (6) ਵੀ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਿਆ ਪਰ ਹਾਰਦਿਕ ਪਾਂਡਿਆ ਨੇ ਆਪਣਾ ਦੂਜਾ ਟੀ-20 ਕੌਮਾਂਤਰੀ ਅਰਧ ਸੈਂਕੜਾ ਲਗਾਉਂਦੇ ਹੋਏ ਇੰਡੀਆ ਨੂੰ 200 ਦੌੜਾਂ ਦੇ ਅੰਕੜੇ ਦੇ ਪਾਰ ਪਹੁੰਚਾਇਆ। ਉਸ ਨੇ 30 ਗੇਂਦਾਂ ‘ਤੇ 7 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ ਤਾਬੜਤੋੜ 71 ਦੌੜਾਂ ਬਣਾਈਆਂ ਜਿਸ ‘ਚ ਆਖਰੀ ਓਵਰ ‘ਚ ਲਗਾਏ ਗਏ ਤਿੰਨ ਛੱਕੇ ਸ਼ਾਮਲ ਸਨ। ਹਾਰਦਿਕ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਇੰਡੀਆ ਨੇ ਆਖਰੀ 5 ਓਵਰਾਂ ‘ਚ 67 ਦੌੜਾਂ ਜੋੜਦੇ ਹੋਏ 20 ਓਵਰਾਂ ‘ਚ 208 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਇੰਡੀਆ ਮੈਚ ਹਾਰ ਗਿਆ।