ਮੈਗਾ ਮਿਲੀਅਨਜ਼ ਜੈਕਪਾਟ ਤਹਿਤ ਜੁਲਾਈ ‘ਚ ਵਿਕੀ ਲਾਟਰੀ ਟਿਕਟ ‘ਤੇ ਇਕ ਅਰਬ ਤੋਂ ਵੱਧ ਦਾ ਇਨਾਮ ਨਿਕਲਿਆ ਜਿਸ ਦੇ ਹੁਣ ਦੋ ਦਾਅਵੇਦਾਰ ਸਾਹਮਣੇ ਆਏ ਹਨ। ਸ਼ਿਕਾਗੋ ਦੇ ਉਪ ਨਗਰ ‘ਚ ਨਿਕਲੀ 1.337 ਅਰਬ ਅਮਰੀਕਨ ਡਾਲਰ ਦੀ ਲਾਟਰੀ ‘ਤੇ ਦੋ ਵਿਅਕਤੀਆਂ ਨੇ ਦਾਅਵਾ ਕੀਤਾ ਹੈ। ਇਲੀਨੋਇਸ ਲਾਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਇਨਾਮ ਨਿਕਲਣ ਦਾ ਦਾਅਵਾ ਕੀਤਾ ਹੈ ਜੋ ਇਨਾਮੀ ਰਾਸ਼ੀ ਸਾਂਝੀ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਲਾਟਰੀ ਜਿੱਤਣ ਵਾਲਿਆਂ ਨੇ ਆਪਣੇ ਨਾਮ ਨਸ਼ਰ ਨਹੀਂ ਕੀਤੇ। ਇਲੀਨੋਇਸ ਲਾਟਰੀ ਨੇ ਕਿਹਾ ਕਿ ਉਹ ਆਪਣੇ ਜੇਤੂਆਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਹਰੇਕ ਜੇਤੂ ਨੂੰ 78.05 ਕਰੋੜ ਰੁਪਏ ਦੀ ਅਦਾਇਗੀ ਕਰਨ ਦਾ ਬਦਲ ਮੌਜੂਦ ਹੈ। ਇਲੀਨੋਇਸ ਲਾਟਰੀ ਡਾਇਰੈਕਟਰ ਹਾਰੋਲਡ ਮੇਅਜ਼ ਨੇ ਕਿਹਾ ਕਿ ਲਾਟਰੀ ਜਿੱਤਣ ਦੇ ਦਾਅਵੇ ਦੀ ਪ੍ਰਕਿਰਿਆ ਪੂਰੀ ਕਰਨ ਲਈ ਦੋਵਾਂ ਵਿਅਕਤੀਆਂ ਨੇ ਕਈ ਹਫ਼ਤੇ ਕਾਨੂੰਨੀ ਮਾਹਿਰਾਂ ਅਤੇ ਵਿੱਤੀ ਸਲਾਹਕਾਰਾਂ ਨਾਲ ਕੰਮ ਕੀਤਾ ਹੈ। ਉਹ ਹੁਣ ਅਗਲਾ ਫ਼ੈਸਲਾ ਲੈਣ ਦੀ ਸਥਿਤੀ ‘ਚ ਹਨ।