ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਨਾਬਾਦ 143 ਦੌੜਾਂ ਦੀ ਪਾਰੀ ਅਤੇ ਰੇਣੂਕਾ ਸਿੰਘ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਇੰਡੀਆ ਨੇ ਦੂਜੇ ਮਹਿਲਾ ਵਨਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਨੇ ਇਸ ਤਰ੍ਹਾਂ ਇੰਗਲੈਂਡ ਦੀ ਧਰਤੀ ‘ਤੇ 1999 ਤੋਂ ਬਾਅਦ ਪਹਿਲੀ ਵਾਰ ਵਨਡੇ ਸੀਰੀਜ਼ ਜਿੱਤੀ ਹੈ। ਇੰਡੀਆ ਨੇ 23 ਸਾਲ ਪਹਿਲਾਂ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ। ਹਰਮਨਪ੍ਰੀਤ ਨੇ ਆਪਣੇ ਸੈਂਕੜੇ ਦੀ ਪਾਰੀ ‘ਚ 111 ਗੇਂਦਾਂ ਦਾ ਸਾਹਮਣਾ ਕੀਤਾ ਅਤੇ 18 ਚੌਕੇ ਅਤੇ ਚਾਰ ਛੱਕੇ ਲਗਾਏ। ਵਨਡੇ ਕ੍ਰਿਕਟ ‘ਚ ਇਹ ਉਨ੍ਹਾਂ ਦਾ ਪੰਜਵਾਂ ਅਤੇ ਇੰਗਲੈਂਡ ਖ਼ਿਲਾਫ਼ ਦੂਜਾ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਹਰਲੀਨ ਦਿਓਲ ਨੇ 58 ਅਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 40 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ‘ਤੇ 333 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ ਸਿਰਫ਼ 245 ਦੌੜਾਂ ਹੀ ਬਣਾ ਸਕੀ। ਇਹ ਵਨਡੇ ਕ੍ਰਿਕਟ ‘ਚ ਭਾਰਤੀ ਮਹਿਲਾ ਟੀਮ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ‘ਚ 23 ਸਾਲਾਂ ਬਾਅਦ ਲੜੀ ਜਿੱਤਣ ‘ਤੇ ਵਧਾਈ।’