ਇੰਗਲੈਂਡ ਦੀ ਧਰਤੀ ‘ਤੇ 23 ਸਾਲ ਬਾਅਦ ਵਨ-ਡੇ ਸੀਰੀਜ਼ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇਸ ਜਿੱਤ ‘ਚ ਉਸਦੀ ਅਤੇ ਹਰਲੀਨ ਦੀ ਸਾਂਝੇਦਾਰੀ ਅਹਿਮ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੈਂਟਰਬਰੀ ‘ਚ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਵਨ-ਡੇ ‘ਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। 1999 ਤੋਂ ਬਾਅਦ ਇੰਗਲੈਂਡ ਦੀ ਧਰਤੀ ‘ਤੇ ਭਾਰਤੀ ਮਹਿਲਾਵਾਂ ਦੀ ਇਹ ਪਹਿਲੀ ਵਨ-ਡੇ ਸੀਰੀਜ਼ ਜਿੱਤ ਹੈ। ਇਸ ਜਿੱਤ ਨਾਲ ਇੰਡੀਆ ਨੇ ਹੁਣ ਸੀਰੀਜ਼ ‘ਚ 2-0 ਦੀ ਅਜੇਤੂ ਜਿੱਤ ਹਾਸਲ ਕਰ ਲਈ ਹੈ। ਹਰਮਨਪ੍ਰੀਤ ਦੀ ਧਮਾਕੇਦਾਰ ਪਾਰੀ ਨੇ ਉਸ ਨੂੰ ‘ਪਲੇਅਰ ਆਫ ਦ ਮੈਚ’ ਦਾ ਪੁਰਸਕਾਰ ਦਿਵਾਇਆ। ਤੀਜਾ ਅਤੇ ਆਖਰੀ ਵਨਡੇ 24 ਸਤੰਬਰ ਨੂੰ ਲਾਰਡਸ ‘ਚ ਖੇਡਿਆ ਜਾਵੇਗਾ। ਕਪਤਾਨ ਹਰਮਨਪ੍ਰੀਤ ਕੌਰ ਦੇ ਧਮਾਕੇਦਾਰ ਅਜੇਤੂ ਸੈਂਕੜੇ ਅਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਦੇ ਸ਼ਾਨਦਾਰ ਸਪੈੱਲ ਦੀ ਮਦਦ ਨਾਲ ਇੰਡੀਆ ਨੇ ਲੜੀ ‘ਚ ਅਜੇਤੂ ਬੜ੍ਹਤ ਲੈ ਲਈ। ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ ਕਿ ਅੱਜ ਇਕ ਮਹੱਤਵਪੂਰਨ ਜਿੱਤ ਸੀ ਕਿਉਂਕਿ ਸਾਰਿਆਂ ਨੇ ਕਦਮ ਵਧਾਏ ਸਨ। ਮੈਂ ਹਮੇਸ਼ਾ ਲੀਡਰਸ਼ਿਪ ਦਾ ਆਨੰਦ ਲੈਂਦੀ ਹਾਂ ਕਿਉਂਕਿ ਮੈਂ ਹਮੇਸ਼ਾ ਖੇਡ ‘ਚ ਰਹਿੰਦੀ ਹਾਂ ਅਤੇ ਇਹ ਮੈਨੂੰ ਚੰਗਾ ਲਗਦਾ ਹੈ। ਜਦੋਂ ਮੈਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਪਹਿਲਾਂ 50 ਦੌੜਾਂ ਬਣਾਉਣਾ ਇੰਨਾ ਆਸਾਨ ਨਹੀਂ ਸੀ। ਮੈਂ ਬਸ ਆਪਣਾ ਸਮਾਂ ਲਿਆ ਅਤੇ ਹਰਲੀਨ ਨਾਲ ਸਾਂਝੇਦਾਰੀ ਕਰਨਾ ਮਹੱਤਵਪੂਰਨ ਸੀ। ਬਾਅਦ ‘ਚ ਮੈਂ ਆਪਣੇ ਆਪ ਨੂੰ ਆਜ਼ਾਦੀ ਦੇ ਦਿੱਤੀ ਕਿਉਂਕਿ ਮੈਂ ਚੰਗੀ ਤਰ੍ਹਾਂ ਸੈੱਟ ਸੀ। ਭਾਰਤੀ ਕਪਤਾਨ ਨੇ ਕਿਹਾ, ‘ਉਹ (ਰੇਣੁਕਾ) ਹਮੇਸ਼ਾ ਸਾਨੂੰ ਸਫ਼ਲਤਾ ਦਿਵਾਉਂਦੀ ਹੈ ਅਤੇ ਸਾਡੀ ਟੀਮ ਉਸ ‘ਤੇ ਕਾਫੀ ਨਿਰਭਰ ਕਰਦੀ ਹੈ। ਅੱਜ ਜਿਸ ਨੂੰ ਵੀ ਮੌਕਾ ਮਿਲ ਰਿਹਾ ਸੀ, ਉਹ ਸਾਨੂੰ ਕਾਮਯਾਬੀ ਦੇ ਰਿਹਾ ਸੀ ਅਤੇ ਸਾਨੂੰ ਇਹੀ ਚਾਹੀਦਾ ਹੈ। ਹਾਂ, ਮੈਨੂੰ ਲੱਗਦਾ ਹੈ ਕਿ (ਅਗਲੀ ਗੇਮ ਤੋਂ ਬਾਅਦ ਝੂਲਨ ਗੋਸਵਾਮੀ ਦੇ ਸੰਨਿਆਦ ਦੇ ਬਾਰੇ ‘ਚ) ਅਸੀਂ ਨਿਸ਼ਚਤ ਤੌਰ ‘ਤੇ ਉਸ ਨੂੰ ਯਾਦ ਕਰਾਂਗੇ ਅਤੇ ਉਸ ਤੋਂ ਬਹੁਤ ਕੁਝ ਸਿੱਖ ਰਹੇ ਹਾਂ।’