ਇੰਡੀਆ ਦੀ ਹਾਕੀ ਕਪਤਾਨ ਦੇ ਸਾਬਕਾ ਕਪਤਾਨ ਅਤੇ 1998 ਦੀਆਂ ਏਸ਼ੀਅਨ ਗੇਮਜ਼ ‘ਚ ਸੋਨ ਤਗ਼ਮਾ ਜੇਤੂ ਟੀਮ ਦੇ ਮੈਂਬਰ ਦਲੀਪ ਟਿਰਕੀ ਨੂੰ ਹਾਕੀ ਇੰਡੀਆ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਬਾਕੀ ਦੋ ਉਮੀਦਵਾਰਾਂ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੇ ਕਾਗਜ਼ ਵਾਪਸ ਲੈ ਲਏ। ਉਂਝ ਹਾਕੀ ਇੰਡੀਆ ਦੀਆਂ ਚੋਣਾਂ ਦੀ ਪ੍ਰਕਿਰਿਆ 9 ਅਕਤੂਬਰ ਤੱਕ ਪੂਰੀ ਕੀਤੀ ਜਾਣੀ ਸੀ। ਟਿਰਕੀ ਦੇ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਹਾਕੀ ਇੰਡੀਆ ‘ਨੈਸ਼ਨਲ ਸਪੋਰਟਸ ਕੋਡ’ ਦੀ ਕਥਿਤ ਉਲੰਘਣਾ ਕਾਰਨ ਦਿੱਲੀ ਹਾਈ ਕੋਰਟ ਦੇ ਹੁਕਮਾਂ ‘ਤੇ ਪ੍ਰਸ਼ਾਸਕ ਕਮੇਟੀ ਦੇ ਅਧਿਕਾਰ ਖੇਤਰ ਅਧੀਨ ਸੀ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਟਿਰਕੀ ਨੇ ਸੀ.ਏ.ਓ. ਅਤੇ ਇਸ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।