ਕਪਤਾਨ ਰੋਹਿਤ ਸ਼ਰਮਾ (ਅਜੇਤੂ 46) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੂੰ ਮੀਂਹ ਪ੍ਰਭਾਵਿਤ ਦੂਜੇ ਟੀ-20 ਮੈਚ ‘ਚ ਇੰਡੀਆ ਨੇ 6 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਮੇਜ਼ਬਾਨ ਇੰਡੀਆ ਦੇ ਸਾਹਮਣੇ 8 ਓਵਰਾਂ ਵਿਚ 91 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੂੰ ਰੋਹਿਤ ਦੀ ਟੀਮ ਨੇ 7.2 ਓਵਰਾਂ ‘ਚ ਹਾਸਲ ਕਰ ਲਿਆ। ਜਦੋਂ ਲੋਕੇਸ਼ ਰਾਹੁਲ (10), ਵਿਰਾਟ ਕੋਹਲੀ (10), ਸੂਰਯਕੁਮਾਰ ਯਾਦਵ (0) ਤੇ ਹਾਰਦਿਕ ਪਾਂਡਿਆ (9) ਵੱਡਾ ਯੋਗਦਾਨ ਦੇਣ ‘ਚ ਅਸਫਲ ਰਹੇ ਤਦ ਰੋਹਿਤ ਨੇ ਕਦਮ ਅੱਗੇ ਵਧਾਏ ਤੇ 20 ਗੇਂਦਾਂ ‘ਚ 4 ਚੌਕਿਆਂ ਤੇ 4 ਛੱਕਿਆਂ ਦੇ ਨਾਲ 46 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਇੰਡੀਆ ਨੂੰ ਆਖਰੀ ਓਵਰ ‘ਚ 9 ਦੌੜਾਂ ਦੀ ਲੋੜ ਸੀ ਤੇ ਕ੍ਰੀਜ਼ ‘ਤੇ ਨਵੇਂ-ਨਵੇਂ ਆਏ ਦਿਨੇਸ਼ ਕਾਰਤਿਕ ਨੇ ਇਕ ਛੱਕੇ ਤੋਂ ਬਾਅਦ ਇਕ ਚੌਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਜਿੱਤ ਦੇ ਨਾਲ ਇੰਡੀਆ ਨੇ 3 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਮੈਥਿਊ ਵੇਡ (ਅਜੇਤੂ 43) ਤੇ ਐਰੋਨ ਫਿੰਚ (31) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 5 ਵਿਕਟਾਂ ‘ਤੇ 90 ਦੌੜਾਂ ਬਣਾਈਆਂ ਸਨ। ਇੰਡੀਆ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਐਰੋਨ ਫਿੰਚ ਨੇ ਪਾਰੀ ਦੀ ਦੂਜੀ ਹੀ ਗੇਂਦ ‘ਤੇ ਵਿਕਟਕੀਪਰ ਦੇ ਸਿਰ ਦੇ ਉੱਪਰ ਤੋਂ ਚੌਕਾ ਲਾ ਕੇ ਆਪਣੇ ਮਨਸੂਬੇ ਸਾਫ ਕਰ ਦਿੱਤੇ। ਦੂਜੇ ਓਵਰ ‘ਚ ਕੈਮਰਨ ਗ੍ਰੀਨ (5) ਤੇ ਗਲੇਨ ਮੈਕਸਵੈੱਲ (0) ਦੇ ਆਊਟ ਹੋਣ ਤੋਂ ਬਾਵਜੂਦ ਫਿੰਚ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਅਕਸ਼ਰ ਪਟੇਲ ਨੇ ਆਪਣੇ ਆਖਰੀ ਓਵਰ ‘ਚ ਟਿਮ ਡੇਵਿਡ ਨੂੰ ਵੀ ਘੱਟ ਸਕੋਰ ‘ਤੇ ਆਊਟ ਕੀਤਾ ਤੇ 13 ਦੌੜਾਂ ‘ਤੇ 2 ਵਿਕਟਾਂ ਲੈ ਕੇ ਆਪਣੇ 2 ਓਵਰਾਂ ਦਾ ਸਪੈੱਲ ਖਤਮ ਕੀਤਾ। ਫਿੰਚ ਇਕ ਪਾਸੇ ਆਸਟਰੇਲੀਆ ਦੀ ਪਾਰੀ ਨੂੰ ਅੱਗੇ ਵਧਾ ਰਿਹਾ ਸੀ ਪਰ ਸੱਟ ਤੋਂ ਉੱਭਰ ਕੇ ਟੀਮ ‘ਚ ਵਾਪਸ ਆਏ ਜਸਪ੍ਰੀਤ ਬੁਮਰਾਹ ਨੇ ਉਸ ਨੂੰ ਬੋਲਡ ਕਰ ਕੇ ਪੈਵੇਲੀਅਨ ਭੇਜਿਆ। ਫਿੰਚ ਨੇ ਆਊਟ ਹੋਣ ਤੋਂ ਪਹਿਲਾਂ 15 ਗੇਂਦਾਂ ‘ਚ 4 ਚੌਕੇ ਤੇ 1 ਛੱਕਾ ਲਾ ਕੇ 31 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੈਥਿਊ ਵੇਡ ਤੇ ਸਟੀਵ ਸਮਿਥ ਨੇ 5ਵੀਂ ਵਿਕਟ ਲਈ 18 ਗੇਂਦਾਂ ‘ਤੇ 44 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ ਨੂੰ 8 ਓਵਰਾਂ ‘ਚ 90 ਦੌੜਾਂ ਤਕ ਪਹੁੰਚਾਇਆ। ਸਮਿਥ ਅੱਠਵੇਂ ਓਵਰ ਦੀ ਆਖਰੀ ਗੇਂਦ ‘ਤੇ ਰਨ ਆਊਟ ਹੋ ਗਿਆ ਪਰ ਇਸ ਤੋਂ ਪਹਿਲਾਂ ਵੇਡ ਦੇ 3 ਛੱਕਿਆਂ ਦੀ ਬਦੌਲਤ ਆਸਟਰੇਲੀਆ ਨੇ ਇਸ ਓਵਰ ‘ਚ 19 ਦੌੜਾਂ ਜੋੜ ਲਈਆਂ ਸਨ। ਵੇਡ ਨੇ 20 ਗੇਂਦਾਂ ਖੇਡ ਕੇ 4 ਚੌਕਿਆਂ ਤੇ 3 ਛੱਕਿਆਂ ਦੀ ਬਦੌਲਤ ਅਜੇਤੂ 43 ਦੌੜਾਂ ਬਣਾਈਆਂ ਜਦਕਿ ਸਮਿਥ ਨੇ 8 ਦੌੜਾਂ ਬਣਾਉਣ ਲਈ 5 ਗੇਂਦਾਂ ਖੇਡੀਆਂ।