ਇਕ ਸੌ ਤੋਂ ਵਧੇਰੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸੀਰੀਆ ਦੇ ਖੇਤਰ ‘ਚ ਡੁੱਬਣ ਕਾਰਨ 79 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਤੋਂ ਵਧੇਰੇ ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ। ਇਹ ਕਿਸ਼ਤੀ ਲੇਬਨਾਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਸੀ। ਸਰਕਾਰੀ ਟੀਲੀਵਿਜ਼ਨ ਨੇ ਸੀਰੀਆ ਦੇ ਸਿਹਤ ਮੰਤਰੀ ਮੁਹੰਮਦ ਹਸਨ ਗਬਾਸ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੀੜਤਾਂ ਦੇ ਕੁਝ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਪਛਾਣ ਕਰਨ ‘ਚ ਮਦਦ ਲਈ ਗੁਆਂਢੀ ਦੇਸ਼ ਲੇਬਨਾਨ ਤੋਂ ਸੀਰੀਆ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਕ ਦਰਜਨ ਤੋਂ ਵਧੇਰੇ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਅਤੇ ਸੀਰੀਆ ਦੇ ਤੱਟਵਰਤੀ ਸ਼ਹਿਰ ਟਾਰਟੂਸ ਦੇ ਇਕ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਅਧਿਕਾਰੀਆਂ ਨੂੰ ਤਲਾਸ਼ੀ ਮੁਹਿੰਮ ‘ਚ ਮਦਦ ਲਈ ਅਲਰਟ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਟਾਰਟੋਸ ਦੇ ਗਵਰਨਰ ਅਬਦੁਲ ਹਲੀਮ ਖਲੀਲ ਨੇ ਦੱਸਿਆ ਸੀ ਕਿ ਸਮੁੰਦਰੀ ਖੇਤਰ ‘ਚ ਹੋਰ ਲਾਸ਼ਾਂ ਲੱਭਣ ਲਈ ਖੋਜ ਜਾਰੀ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਗਿਣਤੀ 79 ਹੋ ਚੁੱਕੀ ਸੀ। ਕਿਸ਼ਤੀ ਡੁੱਬਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।