ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਨੇ ਜੂਲੀਅਸ ਬਾਏਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਟ ‘ਚ ਵੀਅਤਨਾਮ ਦੇ ਲਇਏਮ ਕਵਾਂਗ ਲੀ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਿਸ ‘ਚ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨਾਲ ਹੋਵੇਗਾ। 19 ਸਾਲ ਦੇ ਏਰੀਗੈਸੀ ਨੂੰ ਵੀਅਤਨਾਮ ਦੇ ਵਿਰੋਧੀ ਦੀ ਚੁਣੌਤੀ ਨੂੰ ਪਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਜਦਕਿ ਕਾਰਲਸਨ ਨੇ 3-1 ਨਾਲ ਜਿੱਤ ਹਾਸਲ ਕੀਤੀ। ਏਰੀਗੈਸੀ-ਲਇਏਮ ਲੀ ਵਿਚਾਲੇ ਹੋਏ ਮੈਚ ‘ਚ ਪਹਿਲੀ ਗੇਮ ਡਰਾਅ ਰਹੀ ਤੇ ਦੂਜੀ ‘ਚ ਭਾਰਤੀ ਨੇ ਜਿੱਤ ਹਾਸਲ ਕਰ ਕੇ ਬੜ੍ਹਤ ਬਣਾਈ। ਤੀਜੀ ਗੇਮ ਡਰਾਅ ਰਹੀ ਜਿਸ ਤੋਂ ਬਾਅਦ ਵੀਅਤਨਾਮ ਦੇ ਖਿਡਾਰੀ ਨੇ 32 ਚਾਲ ਵਿਚ ਜਿੱਤ ਦਰਜ ਕਰ ਕੇ ਬਰਾਬਰੀ ਹਾਸਲ ਕੀਤੀ ਪਰ ਟਾਈਬ੍ਰੇਕਰ ‘ਚ ਏਰੀਗੈਸੀ ਨੇ ਲਗਾਤਾਰ ਦੋ ਗੇਮਾਂ ਜਿੱਤ ਕੇ ‘ਦੋ ਦਿਨਾ’ ਫਾਈਨਲ ‘ਚ ਆਪਣੀ ਥਾਂ ਪੱਕੀ ਕੀਤੀ। ਟੂਰਨਾਮੈਂਟ ਦੇ ਦੋ ਦਿਨਾ ਫਾਈਨਲ ‘ਚ ਸਰਬੋਤਮ ਚਾਰ-ਚਾਰ ਗੇਮਾਂ ਦੇ ਮੈਚ ਹੋਣਗੇ। ਕਾਰਲਸਨ ਨੇ ਕੇਮੇਰ ਖ਼ਿਲਾਫ਼ ਪਹਿਲੀਆਂ ਦੋ ਗੇਮਾਂ ਡਰਾਅ ਖੇਡੀਆਂ ਪਰ ਦੁਨੀਆ ਦੇ ਨੰਬਰ ਇਕ ਖਿਡਾਰੀ ਨੇ ਅਗਲੇ ਦੋ ਮੈਚ ਜਿੱਤ ਕੇ ਫਾਈਨਲ ‘ਚ ਥਾਂ ਬਣਾਈ। ਇਸ ਤੋਂ ਪਹਿਲਾਂ ਸ਼ੁਰੂਆਤੀ ਸੂਚੀ ‘ਚ ਕਾਰਲਸਨ 34 ਅੰਕ ਲੈ ਕੇ ਸਿਖ਼ਰ ‘ਤੇ ਰਹੇ।