ਇੰਡੀਆ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਸੰਨਿਆਸ ਦੇ ਐਲਾਨ ਮਗਰੋਂ ਇੰਗਲੈਂਡ ਨਾਲ ਵਨਡੇ ਸੀਰੀਜ਼ ‘ਚ ਆਖਰੀ ਮੈਚ ਖੇਡਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੀ ਇਸ ਤੇਜ਼ ਗੇਂਦਬਾਜ਼ ਨੂੰ ਇੰਗਲੈਂਡ ਨੂੰ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰਕੇ ਸੰਨਿਆਸ ਦਾ ਸ਼ਾਨਦਾਰ ਤੋਹਫ਼ਾ ਦਿੱਤਾ। ਤੀਜੇ ਵਨਡੇ ‘ਚ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਇੰਡੀਆ ਨੇ ਪਹਿਲਾਂ ਖੇਡਦਿਆਂ ਇੰਗਲੈਂਡ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਇੰਗਲੈਂਡ ਦੀ ਟੀਮ 153 ਦੌੜਾਂ ‘ਤੇ ਆਲ ਆਊਟ ਹੋ ਗਈ ਤੇ ਇੰਡੀਆ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ। ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੇ 29 ਦੌੜਾਂ ਦੇ ਕੇ 4 ਅਤੇ ਝੂਲਨ ਗੋਸਵਾਮੀ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਕੇਟ ਕਰਾਸ ਨੇ 4 ਵਿਕਟਾਂ ਲੈ ਕੇ ਇੰਡੀਆ ਦੀ ਸ਼ੁਰੂਆਤ ਖਰਾਬ ਕਰ ਦਿੱਤੀ। ਸ਼ੈਫਾਲੀ ਵਰਮਾ 0, ਯਸਤਿਕਾ ਭਾਟੀਆ 0, ਕਪਤਾਨ ਹਰਮਨਪ੍ਰੀਤ 4 ਅਤੇ ਹਰਲੀਨ ਦਿਓਲ 3 ਦੌੜਾਂ ਬਣਾ ਕੇ ਆਊਟ ਹੋਈਆਂ। ਹਾਲਾਂਕਿ ਇਸ ਦੌਰਾਨ ਸਮ੍ਰਿਤੀ ਮੰਧਾਨਾ ਨੇ ਕ੍ਰੀਜ਼ ‘ਤੇ ਪੈਰ ਜਮਾਏ ਅਤੇ ਅਰਧ ਸੈਂਕੜਾ ਲਗਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਹੌਲੀ ਸ਼ੁਰੂਆਤ ਕੀਤੀ। ਓਪਨਰ ਟੇਲੀ 8 ਤਾਂ ਐਮਾ ਲੈਂਬ 21 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਦਾ ਮਿਡਲ ਆਰਡਰ ਬੁਰੀ ਤਰ੍ਹਾਂ ਫਲਾਪ ਹੋਇਆ। ਸੋਫੀਆ 7, ਐਲੀਸਾ 5, ਡੇਨੀਅਲ ਵ੍ਹਾਈਟ 8 ਦੌੜਾਂ ਬਣਾ ਕੇ ਆਊਟ ਹੋ ਗਈਆਂ। ਐਮੀ ਜੋਨਸ ਨੇ 28, ਸੋਫੀਆ ਐਸਲਸਟੋਨ 0 ਦੌੜਾਂ ਬਣਾ ਕੇ ਆਊਟ ਹੋਈ। ਆਖ਼ਰੀ ਓਵਰਾਂ ‘ਚ ਚਾਰਲੋਟ ਡੀਨ ਨੇ 47 ਦੌੜਾਂ ਬਣਾ ਕੇ ਹਾਰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਦੀਪਤੀ ਸ਼ਰਮਾ ਦੀ ਇਕ ਸਟੀਕ ਥ੍ਰੋਅ ਨੇ ਚਾਰਲੋਟ ਨੂੰ ਰਨ ਆਊਟ ਕਰਕੇ ਉਨ੍ਹਾਂ ਦੀਆਂ ਉਮੀਦਾਂ ਤੋੜ ਦਿੱਤੀਆਂ।