ਐਡਮਿੰਟਨ ਨੇੜੇ ਦੋ ਪਿਕਅੱਪ ਟਰੱਕਾਂ ਦੀ ਟੱਕਰ ਹੋ ਗਈ ਜਿਸ ‘ਚ ਇਕ ਪੰਜਾਬੀ ਮੂਲ ਦੇ ਡਰਾਈਵਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਪਛਾਣ ਫਰੀਦਕੋਟ ਨਾਲ ਸਬੰਧਤ ਗੁਰਕੀਰਤਪਾਲ ਸਿੰਘ ਵਜੋਂ ਹੋਈ ਹੈ ਜੋ ਟਰੱਕਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਐਡਮਿੰਟਨ ‘ਚ ਰਹਿੰਦਾ ਸੀ। ਟਰੱਕਿੰਗ ਦਾ ਸਫਲ ਕਾਰੋਬਾਰੀ ਗੁਰਕੀਰਤਪਾਲ ਸਿੰਘ ਆਪਣੇ ਕੰਮ ਦੇ ਚੱਲਦਿਆਂ ਰੋਜ਼ਾਨਾ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਅੱਪਡਾਊਨ ਕਰਦਾ ਸੀ। ਬੀਤੀ ਰਾਤ ਉਸ ਨੇ ਆਪਣਾ ਟਰੱਕ ਫੋਰਟ ਮੈਕਮਰੀ ਖੜ੍ਹਾ ਕਰ ਦਿੱਤਾ ਅਤੇ ਜਦੋਂ ਰਾਤ ਨੂੰ ਉਹ ਆਪਣੇ ਪਿੱਕਅੱਪ ਟਰੱਕ ‘ਚ ਵਾਪਸ ਐਡਮਿੰਟਨ ਨੂੰ ਪਰਤ ਰਿਹਾ ਸੀ ਉਦੋਂ ਸਾਹਮਣੇ ਤੋਂ ਆਉਂਦੇ ਇਕ ਦੂਜੇ ਪਿੱਕਅੱਪ ਟਰੱਕ ਨਾਲ ਟਰੱਕ ਟਕਰਾਅ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਸ ਦਰਦਨਾਇਕ ਹਾਦਸੇ ‘ਚ ਦੂਜੇ ਪਿੱਕਅੱਪ ਟਰੱਕ ਦਾ ਡਰਾਈਵਰ ਇਕ ਗੋਰਾ ਸੀ ਤੇ ਉਹ ਵੀ ਮੌਕੇ ‘ਤੇ ਹਲਾਕ ਹੋ ਗਿਆ। ਦੱਸਿਆ ਗਿਆ ਕਿ ਇਹ ਹਾਦਸਾ ਏਨਾ ਭਿਆਨਕ ਸੀ ਕਿ ਦੋਨੋਂ ਪਿੱਕਅੱਪ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇਹ ਦਰਦਨਾਕ ਹਾਦਸਾ ਕੈਨੇਡਾ ਦੇ ਵਾਇਨ ਸਿਟੀ ਤੋਂ ਐਡਮਿੰਟਨ ਵੱਲ ਨੂੰ ਤਕਰੀਬਨ ਦਸ ਕੁ ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ।